‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਲਖੀਮਪੁਰ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਚੁੱਕੇ ਕਦਮਾਂ ਤੋਂ ਸੰਤੁਸ਼ਟ ਨਹੀਂ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਸੀਂ ਰਾਜ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ। ਇਸ ਮਾਮਲੇ ਦੀ ਅਗਲੀ ਸੁਣਵਾਈ ਦੁਸ਼ਹਿਰੇ ਦੀਆਂ ਛੁੱਟੀਆਂ ਤੋਂ ਬਾਅਦ ਹੋਵੇਗੀ।
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਮੁੱਖ ਨਿਆਂਮੂਰਤੀ ਜਸਟਿਸ ਐਨਵੀ ਰਮੰਨਾ ਦੀ ਬੈਂਚ ਕਰ ਰਹੀ ਹੈ।
ਬੈਂਚ ਨੇ ਕਿਹਾ ਹੈ ਕਿ ਅਸੀਂ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੂੰ ਸੁਣਿਆ ਹੈ। ਉਨ੍ਹਾਂ ਇਹ ਦੱਸਿਆ ਹੈ ਕਿ ਯੂਪੀ ਸਰਕਾਰ ਨੇ ਕੀ ਕਦਮ ਚੁੱਕੇ ਹਨ। ਸਟੇਟਸ ਰਿਪੋਰਟ ਵੀ ਫਾਇਲ ਕੀਤੀ ਗਈ ਹੈ। ਪਰ ਅਸੀਂ ਰਾਜ ਸਰਕਾਰ ਦੇ ਕਦਮਾਂ ਤੋਂ ਖੁਸ਼ ਨਹੀਂ ਹਾਂ। ਹੁਣ ਇਸਦੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਹਰੀਸ਼ ਸਾਲਵੇ ਨੇ ਅਦਾਲਤ ਨੂੰ ਕਿਹਾ ਹੈ ਕਿ ਅਗਲੀ ਤਰੀਕ ਤੱਕ ਹੋਰ ਕਦਮ ਚੁੱਕੇ ਜਾਣਗੇ ਤੇ ਹੋਰ ਏਜੰਸੀਆਂ ਤੋਂ ਜਾਂਚ ਦੇ ਵਿਕਲਪਾਂ ਉੱਤੇ ਵੀ ਵਿਚਾਰ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਲਖੀਮਪੁਰ ਖੀਰੀ ਵਿੱਚ ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿੱਚ ਅੱਠ ਲੋਕਾਂ ਦੀ ਮੌਤ ਹੋਈ ਸੀ। ਇਸ ਵਿਚ ਚਾਰ ਕਿਸਾਨ ਵੀ ਸਨ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਆਸ਼ੀਸ਼ ਨੇ ਕਿਸਾਨਾਂ ਉੱਤੇ ਗੱਡੀ ਚੜ੍ਹਾਈ ਹੈ ਤੇ ਇਸ ਵਿੱਚ ਕਿਸਾਨਾਂ ਦੀ ਮੌਤ ਹੋਈ ਹੈ। ਪਰ ਆਸ਼ੀਸ਼ ਮਿਸ਼ਰਾ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਰਹੇ ਹਨ। ਉੱਤਰ ਪ੍ਰਦੇਸ਼ ਪੁਲਿਸ ਨੇ ਆਸ਼ੀਸ਼ ਮਿਸ਼ਰਾ ਸਣੇ 15-20 ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ, ਪਰ ਆਸ਼ੀਸ਼ ਮਿਸ਼ਰਾ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਤੇ ਉਸਨੂੰ ਸੰਮਨ ਭੇਜੇ ਗਏ ਹਨ। ਇਹ ਵੀ ਖਬਰਾਂ ਹਨ ਕਿ ਆਸ਼ੀਸ਼ ਮਿਸ਼ਰਾ ਭੱਜ ਕੇ ਨੇਪਾਲ ਬਾਰਡਰ ਦੇ ਕਿਸੇ ਇਲਾਕੇ ਵਿੱਚ ਲੁਕਿਆ ਹੋਇਆ ਹੈ ਤੇ ਉਸਦੀ ਲੋਕੇਸ਼ਨ ਵੀ ਟਰੇਸ ਹੋ ਰਹੀ ਹੈ।