‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਸਾਨ ਲੀਡਰਾਂ ਨੂੰ ਅਕਾਲੀ ਲੀਡਰਾਂ ਨਾਲ ਹੋਈ ਬਦਸਲੂਕੀ ਦੀ ਨਿੰਦਾ ਕਰਦਿਆਂ ਅਪੀਲ ਕੀਤੀ ਕਿ ਕਿਸਾਨ ਲੀਡਰ ਇਸ ਗੱਲ ਵੱਲ ਧਿਆਨ ਦੇਣ ਕਿ ਕਿਸਾਨੀ ਅੰਦੋਲਨ ਵਿੱਚ ਕਿਤੇ ਕੋਈ ਇਸ ਤਰ੍ਹਾਂ ਦੀਆਂ ਏਜੰਸੀਆਂ, ਇਸ ਤਰ੍ਹਾਂ ਦੇ ਲੋਕ ਤਾਂ ਨਹੀਂ ਵੜ੍ਹ ਗਏ ਜੋ ਕਿਸਾਨ ਮੋਰਚੇ ਨੂੰ ਫੇਲ੍ਹ ਕਰਨਾ ਚਾਹੁੰਦੇ ਹੋਣ, ਇਸਨੂੰ ਅਸਫ਼ਲ ਕਰਨਾ ਚਾਹੁੰਦੇ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ 17 ਸਤੰਬਰ ਨੂੰ ਜਦੋਂ ਸਾਰੇ ਕਿਸਾਨ, ਅਕਾਲੀ ਵਰਕਰ ਦਿੱਲੀ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ ਤਾਂ ਰਸਤੇ ਵਿੱਚ ਉਹਨਾਂ ਲੋਕਾਂ ਨੇ, ਜੋ ਕਿਸਾਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਇਸ ਤਰ੍ਹਾਂ ਦੇ ਕੰਮ ਕੀਤੇ, ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਕਿ ਅੰਮ੍ਰਿਤਧਾਰੀ ਸਿੱਖਾਂ ਦੀਆਂ ਦਾੜੀਆਂ ਹੱਥਾਂ ਵਿੱਚ ਫੜ੍ਹ ਕੇ ਉਨ੍ਹਾਂ ਨੂੰ ਬਹੁਤ ਗਾਲ੍ਹਾਂ ਕੱਢੀਆਂ, ਬੜਾ ਬਦਨਾਮ ਕੀਤਾ, ਬਹੁਤ ਬੇਸ਼ਰਮੀ ਵਾਲੀਆਂ ਗੱਲਾਂ ਕੀਤੀਆਂ ਹਨ। ਬੀਬੀ ਜਗੀਰ ਕੌਰ ਨੇ ਅਜਿਹੇ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਕਿਸਾਨ ਮੋਰਚੇ ਵਿੱਚ ਆ ਕੇ ਅਜਿਹੇ ਕੰਮ ਨਾ ਕਰਨ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂ ਤੋਂ ਹੀ ਕਿਰਤ, ਕਿਸਾਨੀ ਨਾਲ ਜੁੜੀ ਹੋਈ ਹੈ। ਇਨ੍ਹਾਂ ਨੇ ਸਦਾ ਹੀ ਕਿਸਾਨੀ ਪ੍ਰਥੀ ਆਪਣੇ ਫਰਜ਼ ਪੂਰੇ ਕੀਤੇ ਹਨ। ਜੇ ਅੱਜ ਕਿਸਾਨ ਸੰਘਰਸ਼ ਦੇ ਰਾਹ ਉੱਤੇ ਤੁਰਿਆ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਵਿੱਚ ਹਰ ਤਰ੍ਹਾਂ ਦੇ ਨਾਲ ਆਪਣਾ ਯੋਗਦਾਨ ਪਾਇਆ ਹੈ।
ਬੀਬੀ ਜਗੀਰ ਕੌਰ ਵੱਲੋਂ ਕਿਸਾਨਾਂ ਨੂੰ ਅਜਿਹੀ ਅਪੀਲ ਕਰਨਾ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ 16 ਸਤੰਬਰ ਨੂੰ ਦਿੱਲੀ ਜਾਂਦੇ ਅਕਾਲੀਆਂ ਨੂੰ ਰਾਹ ਵਿੱਚ ਘੇਰਨ ਨਾਲ ਕਾਫ਼ੀ ਤਕਲੀਫ਼ ਹੋਈ ਹੈ। ਹਾਲਾਂਕਿ, ਮੌਕੇ ‘ਤੇ ਮਿਲੀਆਂ ਤਸਵੀਰਾਂ, ਵੀਡੀਓ ਵਿੱਚ ਇਹ ਸਪੱਸ਼ਟ ਦਿਸ ਰਿਹਾ ਸੀ ਕਿ ਉਕਤ ਅਕਾਲੀਆਂ ਕੋਲੋਂ ਇਤਰਾਜ਼ਯੋਗ ਸਮੱਗਰੀ ਮਿਲੀ ਸੀ, ਉਨ੍ਹਾਂ ਦੀਆਂ ਕਾਰਾਂ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਸਨ, ਜੋ ਕਿ ਮੌਕੇ ‘ਤੇ ਮੌਜੂਦ ਕਿਸਾਨਾਂ ਨੇ ਦਿਖਾਈਆਂ ਵੀ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਉਨ੍ਹਾਂ ਕਿਸਾਨਾਂ ਨੂੰ ਪੇਸ਼ ਕੀਤਾ ਜਿਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਅਕਾਲੀ ਦਲ ਨੇ ਤਾਂ ਪ੍ਰੈੱਸ ਕਾਨਫਰੰਸ ਵਿੱਚ ਮੌਕੇ ‘ਤੇ ਮਿਲੀਆਂ ਵੀਡੀਓ ਵੀ ਦਿਖਾਈਆਂ ਸਨ। ਪਰ ਇਸ ‘ਤੇ ਕਿਸਾਨ ਲੀਡਰਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਆਪਣੇ-ਆਪ ਨੂੰ ਕਿਸਾਨਾਂ ਦਾ ਹਮਾਇਤੀ ਦੱਸਦਾ ਹੈ ਪਰ ਦੂਜੇ ਪਾਸੇ ਮੀਡੀਆ ਦੇ ਸਾਹਮਣੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਚੀਜ਼ਾਂ ਕਰ ਰਿਹਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਮੀਡੀਆ ਦੇ ਸਾਹਮਣੇ ਆਉਣ ਤੋਂ ਪਹਿਲਾਂ ਕਿਸਾਨ ਲੀਡਰਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ।