India Punjab

ਕੇਂਦਰ ਦਾ ਹਲਫ਼, NDA ਵਿੱਚ ਔਰਤਾਂ ਦੇ ਦਾਖਿਲੇ ਦੀਆਂ ਤਿਆਰੀਆਂ ਪੂਰੀਆਂ ਕਰਾਂਗੇ 2022 ਤੱਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰ ਸਰਕਾਰ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਔਰਤਾਂ ਨੂੰ ਨੈਸ਼ਨਲ ਡਿਫੈਂਸ ਅਕਾਦਮੀ ਯਾਨੀ ਕਿ ਐੱਨਡੀਏ ਵਿੱਚ ਦਾਖਿਲੇ ਲਈ ਜਰੂਰੀ ਤਿਆਰੀਆਂ ਅਗਲੇ ਸਾਲ 2022 ਦੇ ਮਈ ਮਹੀਨੇ ਤੱਕ ਕਰ ਲਈਆਂ ਜਾਣਗੀਆਂ।

ਇਸ ਬਾਰੇ ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਵਿੱਚ ਇਕ ਹਲਫਨਾਮਾ ਵੀ ਦਾਖਿਲ ਕੀਤਾ ਹੈ। ਇਸ ਮੁਤਾਬਿਕ ਵਾਧੂ ਵਾਸ਼ਰੂਮ, ਹੌਸਟਲ ਤੇ ਕੈਬਿਨ ਬਣਾਉਣ, ਨਵੇਂ ਸਿਖਾਂਦਰੂਆਂ ਲਈ ਸਿਲੇਬਸ ਤੇ ਹੋਰ ਚੀਜਾਂ ਦੀ ਤਿਆਰੀ ਲਈ ਥੋੜ੍ਹਾ ਸਮਾਂ ਲੱਗੇਗਾ।ਹਲਫਨਾਮੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਢਾਂਚੇ ਤੇ ਪ੍ਰਬੰਧਾਂ ਵਿੱਚ ਬਦਲਾਅ ਲਈ ਮਾਹਿਰਾਂ ਦਾ ਇਕ ਸਮੂਹ ਵੀ ਬਣਾਇਆ ਗਿਆ ਹੈ, ਜੋ ਔਰਤਾਂ ਦੇ ਐੱਨਡੀਏ ਵਿੱਚ ਆਉਣ ਨੂੰ ਲੈ ਕੇ ਸੁਝਾਅ ਵੀ ਦੇਵੇਗਾ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਸਾਲ ਅਗਸਤ ਵਿੱਚ ਐੱਨਡੀਏ ਵਿੱਚ ਔਰਤਾਂ ਦੇ ਦਾਖਿਲੇ ਦਾ ਰਾਹ ਸਾਫ ਕੀਤਾ ਸੀ। ਹੁਣ ਤੱਕ ਸਿਰਫ ਪੁਰਸ਼ ਹੀ ਇਹ ਟ੍ਰੇਨਿੰਗ ਲੈਂਦੇ ਸਨ ਤੇ ਔਰਤਾਂ ਲਈ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਬੈਠਣ ਦੀ ਮਨਜੂਰੀ ਨਹੀਂ ਸੀ। ਅਦਾਲਤਨ ਨੇ ਔਰਤਾਂ ਨੂੰ ਐੱਨਡੀਏ ਦੀ ਪ੍ਰੀਖਿਆ ਵਿੱਚ ਨਾ ਬੈਠਣ ਦੇਣ ਲਈ ਕੇਂਦਰ ਸਰਕਾਰ ਦੀ ਪੁਰਾਣੀ ਸੋਚ ਦੀ ਨਿਖੇਧੀ ਕੀਤੀ ਸੀ।

ਇਸ ਬਾਰੇ ਕੋਰਟ ਨੇ ਕਿਹਾ ਸੀ ਕਿ ਇਹ ਨੀਤੀਗਤ ਫੈਸਲਾ ਹੈ ਜੋ ਲਿੰਗਕ ਅਸਮਾਨਤਾ ਦੇ ਆਧਾਰ ਉੱਤੇ ਹੈ। ਇਹ ਵੀ ਦੱਸ ਦਈਏ ਕਿ ਔਰਤਾਂ ਨੂੰ ਐੱਨਡੀਏ ਵਿੱਚ ਦਾਖਿਲੇ ਲਈ ਇਕ ਜਨਹਿੱਤ ਪਟੀਸ਼ਨ ਦਾਖਿਲ ਕੀਤੀ ਗਈ ਸੀ, ਜਿਸਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ।

ਜ਼ਿਕਰਯੋਗ ਹੈ ਕਿ ਐੱਨਡੀਏ ਵਿੱਚ ਟ੍ਰੇਨਿੰਗ ਲੈਣ ਲਈ 12ਵੀਂ ਜਮਾਤ ਤੋਂ ਬਾਅਦ ਕੌਮੀ ਪੱਧਰ ਦੀ ਇਕ ਮੁਸ਼ਕਿਲ ਪ੍ਰੀਖਿਆ ਹੁੰਦੀ ਹੈ, ਜਿਸ ਵਿੱਚੋਂ ਸਫਲ ਹੋ ਕੇ ਕੈਡੇਟ ਨੂੰ ਸੈਨਾ ਵਿੱਚ ਅਫਸਰ ਰੈਂਕ ਲਈ ਤਿਆਰ ਕੀਤਾ ਜਾਂਦਾ ਹੈ।ਔਰਤਾਂ ਸੈਨਾ ਵਿੱਚ ਡਾਕਟਰ, ਨਰਸ, ਇੰਜੀਨੀਅਰ, ਸੰਕੇਤਕ, ਪ੍ਰਬੰਧਕ, ਵਕੀਲ ਦੇ ਤੌਰ ‘ਤੇ ਕੰਮ ਕਰਦੀਆਂ ਹਨ।