Punjab

ਰਾਹ ‘ਚ ਘੇਰ ਲਿਆ ਕਾਂਗਰਸ ਦਾ ਵੱਡਾ ਲੀਡਰ, ਕਿਸਾਨ ਨੇ ਕੀਤਾ ਸਿੱਧਾ ਸਵਾਲ “ਮੇਰਾ ਪੁੱਤ ਵੱਢ ਕੇ ਰੇਲਗੱਡੀ ਥੱਲੇ ਕਿਉਂ ਸੁੱਟਿਆ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹੁਸ਼ਿਆਰਪੁਰ ਜ਼ਿਲ੍ਹਾ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਮੁਕਲਿਆਣਾ ਵਿੱਚ ਕਿਸਾਨਾਂ ਨੇ ਕੱਲ੍ਹ ਸੰਗਤ ਸਿੰਘ ਗਿਲਜੀਆ ਦਾ ਜ਼ਬਰਦਸਤ ਵਿਰੋਧ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਐਕਟਿਵ ਪ੍ਰਧਾਨ ਸੰਗਤ ਸਿੰਘ ਗਿਲਜੀਆ ਸਮਾਗਮ ਵਾਲੀ ਥਾਂ ‘ਤੇ ਜਾ ਰਹੇ ਸਨ ਤਾਂ ਕਿਸਾਨਾਂ ਵੱਲੋਂ ਗਿਲਜੀਆ ਦੀ ਗੱਡੀ ਦਾ ਘਿਰਾਉ ਕੀਤਾ ਗਿਆ। ਗਿਲਜੀਆ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਉਸਨੂੰ ਕਾਲੇ ਝੰਡੇ ਵਿਖਾਏ ਗਏ। ਇਸ ਮੌਕੇ ਇੱਕ ਕਿਸਾਨ ਤਾਂ ਗਿਲਜੀਆ ਦੀ ਗੱਡੀ ਦੇ ਹੇਠਾਂ ਹੀ ਲੰਮੇ ਪੈ ਗਿਆ। ਕਿਸਾਨਾਂ ਨੇ ਗਿਲਜੀਆ ‘ਤੇ ਆਪਣੇ ਹਲਕੇ ਦੇ ਕਿਸਾਨਾਂ ਉੱਤੇ ਕਥਿਤ ਤੌਰ ‘ਤੇ ਨਾਜਾਇਜ਼ ਪਰਚੇ ਦਰਜ ਕਰਾਉਣ ਦਾ ਦੋਸ਼ ਲਾਇਆ। ਗੱਡੀ ਦੇ ਥੱਲੇ ਪਏ ਕਿਸਾਨ ਨੇ ਆਪਣਾ ਦੁੱਖ ਸੁਣਾਉਂਦਿਆਂ ਕਿਹਾ ਕਿ ਗਿਲਜੀਆ ਨੇ ਮੇਰੇ ਪੁੱਤ ਨੂੰ ਵੱਢ ਕੇ ਰੇਲ ਦੇ ਥੱਲੇ ਸੁੱਟ ਕੇ ਮੇਰੇ ‘ਤੇ 307 ਦੀ ਧਾਰਾ ਲਵਾ ਦਿੱਤੀ। ਮੇਰੇ ਘਰ ਦਾ ਬੁਰਾ ਹਾਲ ਕਰ ਦਿੱਤਾ ਹੈ। ਮੇਰੇ ਘਰ ਵਿੱਚ ਟੋਏ ਪਵਾ ਦਿੱਤੇ ਹਨ। ਮੇਰੇ ‘ਤੇ ਪਰਚੇ ਨਾਜਾਇਜ਼ ਦਰਜ ਕਰਵਾਏ ਗਏ ਹਨ।