‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਾਲਿਬਾਨ ਅਤੇ ਉੱਤਰੀ ਗਠਜੋੜ ਵਿੱਚ ਭਿਆਨਕ ਜੰਗ ਛਿੜ ਗਈ ਹੈ। ਬੀਤੀ ਰਾਤ ਕਰੀਬ 11 ਵਜੇ ਪੰਜਸ਼ੀਰ ਦੇ ਮੁਹਾਨੇ ‘ਤੇ ਗੋਲਬਹਾਰ ਇਲਾਕੇ ਵਿੱਚ ਲੜਾਈ ਹੋਈ ਹੈ। ਜਾਣਕਾਰੀ ਮੁਤਾਬਕ ਤਾਲਿਬਾਨੀ ਪੰਜਸ਼ੀਰ ਘਾਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਤਰੀ ਗਠਜੋੜ ਨੇ ਦਾਅਵਾ ਕੀਤਾ ਹੈ ਕਿ 30 ਤੋਂ ਜ਼ਿਆਦਾ ਤਾਲਿਬਾਨੀ ਜੰਗ ਵਿੱਚ ਮਾਰੇ ਗਏ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਤਾਲਿਬਾਨ ਨੇ ਗੋਲਬਹਾਰ ਨੂੰ ਪੰਜਸ਼ੀਰ ਨਾਲ ਜੋੜਨ ਵਾਲੇ ਨੂੰ ਉਡਾ ਦਿੱਤਾ ਹੈ। ਪੰਜਸ਼ੀਰ ਨੂੰ ਪਰਵਾਨ ਦੇ ਨਾਲ ਜੋੜਨ ਵਾਲੀ ਸੜਕ ਵੀ ਬੰਦ ਹੋ ਗਈ ਹੈ। ਹਾਲਾਂਕਿ, ਇਸਦੀ ਪੁਸ਼ਟੀ ਨਹੀਂ ਹੋਈ ਹੈ ਪਰ ਤਾਲਿਬਾਨ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਜਾ ਰਿਹਾ ਹੈ ਕਿ ਪੰਜਸ਼ੀਰ ਵਿੱਚ ਲੜ ਰਹੇ ਮੁਜ਼ਾਹਿਦੀਨ ਦੇ ਲਈ ਦੁਆ ਕੀਤੀ ਜਾਵੇ। ਇਸ ਤਰ੍ਹਾਂ ਦੀ ਪੋਸਟ ਤੋਂ ਤਾਲਿਬਾਨ ਦੀ ਸਥਿਤੀ ਕਮਜ਼ੋਰ ਸਾਬਿਤ ਹੁੰਦੀ ਹੈ। ਪਰਵਾਨ ਪ੍ਰਾਂਤ ਦੇ ਜਬਾਲ ਸਰਾਜ ਜ਼ਿਲ੍ਹੇ, ਬਗਲਾਨ ਪ੍ਰਾਂਤ ਦੇ ਅੰਦਰਾਬ ਜ਼ਿਲ੍ਹੇ ਅਤੇ ਖ਼ਵਾਕ ਪੰਜਸ਼ੀਰ ਵਿੱਚ ਵੀ ਲੜਾਈ ਹੋਈ ਹੈ।