‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਵਾਲਾਂ ਦਾ ਅੱਜ ਜਵਾਬ ਦੇ ਦਿੱਤਾ ਹੈ। ਕੈਪਟਨ ਨੇ ਖੱਟਰ ਨੂੰ ਫਿਟਕਾਰ ਪਾਉਂਦਿਆਂ ਕਿਹਾ ਕਿ ਤੁਸੀਂ ਜੋ ਆਪਣੇ ਕਿਸਾਨ ਪੱਖੀ ਦਾਅਵਿਆਂ ਨਾਲ ਹਰਿਆਣਾ ਸਰਕਾਰ ਦੀ ਕਿਸਾਨਾਂ ਨਾਲ ਕੀਤੀ ਵਧੀਕੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਰਾਸਰ ਹਾਸੋ-ਹੀਣੀ ਹੈ। ਤੁਹਾਡੀਆਂ ਇਹ ਗੱਲਾਂ ਤੁਹਾਡੇ ਗੁਨਾਹਾਂ ਨੂੰ ਨਹੀਂ ਲੁਕਾ ਸਕਦੀਆਂ, ਜੋ ਤੁਸੀਂ ਕਿਸਾਨਾਂ ਨਾਲ ਕੀਤੇ ਹਨ।
- ਕੈਪਟਨ ਨੇ ਖੱਟਰ ਨੂੰ ਕਿਹਾ ਕਿ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਹੈ, ਤੁਸੀਂ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੀ ਬਜਾਏ ਪੁਲਿਸ ਵੱਲੋਂ ਕੀਤੇ ਬੇਰਹਿਮ ਲਾਠੀਚਾਰਜ ਅਤੇ ਕਰਨਾਲ ਦੇ ਐੱਸਡੀਐੱਮ ਦੇ ਬੇਹੁਦਾ ਫੈਸਲੇ ਦਾ ਸਮਰਥਨ ਕਰ ਰਹੇ ਹੋ, ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਸਨੂੰ ਪੂਰੀ ਦੁਨੀਆ ਨਿੰਦ ਰਹੀ ਹੈ।
- ਜੇ ਤੁਸੀਂ ਆਪਣੇ ਕਿਸਾਨਾਂ ਲਈ ਇੰਨਾ ਕੁੱਝ ਕੀਤਾ ਹੈ, ਜਿਸਦਾ ਤੁਸੀਂ ਦਾਅਵਾ ਕਰ ਰਹੇ ਹੋ ਤਾਂ ਫਿਰ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਤੁਹਾਡੇ ਤੋਂ ਅਤੇ ਤੁਹਾਡੀ ਭਾਜਪਾ ਸਰਕਾਰ ਤੋਂ ਗੁੱਸੇ ਕਿਉਂ ਹਨ? ਤੁਸੀਂ ਲੋਕਾਂ ਨੂੰ ਇਹ ਸਮਝਾਉਣ ਵਿੱਚ ਨਾਕਾਮਯਾਬ ਹੋ ਗਏ ਹੋ ਕਿ ਕਿਸਾਨ ਸੰਘਰਸ਼ ਲਈ ਪੰਜਾਬ ਅਤੇ ਉੱਥੋਂ ਦੇ ਕਿਸਾਨ ਜ਼ਿੰਮੇਵਾਰ ਹਨ। ਇਸ ਲਈ ਹੁਣ ਤੁਸੀਂ ਸਿਰਫ਼ ਤੇ ਸਿਰਫ਼ ਝੂਠ ਦਾ ਸਹਾਰਾ ਲੈ ਰਹੇ ਹੋ।
- ਤੁਹਾਡੀ ਭਾਜਪਾ ਨੇ ਪੰਜਾਬ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਲਈ 10 ਸਾਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਮਿਲੀਭੁਗਤ ਕੀਤੀ। ਫਿਰ ਵੀ, ਅਸੀਂ 564143 ਛੋਟੇ ਅਤੇ ਸੀਮਾਂਤ ਕਿਸਾਨਾਂ ਦਾ 4624.38 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਅਤੇ 2.85 ਲੱਖ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 590 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਲਈ ਆਪਣੀਆਂ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰਨੀਆਂ ਬੰਦ ਕਰੋ।
- ਤੁਸੀਂ ਹਰਿਆਣਾ ਦੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਵਿੱਚ ਇੱਕ ਵੀ ਪੈਸਾ ਨਹੀਂ ਦਿੰਦੇ। ਪੰਜਾਬ ਵਿੱਚ ਖੇਤੀ ਪੰਪ-ਸੈੱਟਾਂ ਲਈ ਹਰ ਸਾਲ 8218.16 ਕਰੋੜ ਰੁਪਏ (ਲਗਭਗ 60,000 ਰੁਪਏ ਪ੍ਰਤੀ ਪੰਪ) ਦਿੰਦੇ ਹਾਂ। ਐੱਮਐੱਸਪੀ ਲਈ ਅਸੀਂ ਕਣਕ ਅਤੇ ਝੋਨੇ ਦੀ ਖਰੀਦ ਵਿੱਚ ਅੱਗੇ ਹਾਂ। ਸੋ, ਤੁਹਾਡੀ ਸਾਡੀ ਤੁਲਨਾ ਹੋ ਹੀ ਨਹੀਂ ਸਕਦੀ।
- ਤੁਹਾਡੀ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਅਤੇ ਐੱਫਸੀਆਈ ਦੇ ਖ਼ਰਾਬ ਪ੍ਰਬੰਧਨ ਨੂੰ ਠੀਕ ਕਰਨ ਲਈ ਅਸੀਂ ਐੱਮਐੱਸਪੀ ‘ਤੇ ਖਰੀਦ ਤੋਂ ਇਲਾਵਾ ਸਾਉਣੀ ਦੇ ਮੌਸਮ ਵਿੱਚ 1100 ਕਰੋੜ ਰੁਪਏ ਅਤੇ ਹਾੜੀ ਦੇ ਮੌਸਮ ਵਿੱਚ 900 ਕਰੋੜ ਰੁਪਏ ਦੀ ਵਾਧੂ ਰਾਸ਼ੀ ਦਿੰਦੇ ਹਾਂ। ਤੁਸੀਂ ਪ੍ਰਬੰਧਨ ਖ਼ਰਾਬ ਕਰਦੇ ਹੋ ਤੇ ਅਸੀਂ ਉਸਨੂੰ ਠੀਕ ਕਰਦੇ ਹਾਂ।
- ਅਸੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਪਿਛਲੇ 3 ਸਾਲਾਂ ਵਿੱਚ ਪੰਜਾਬ ਵਿੱਚ ਕਪਾਹ ਅਤੇ ਮੱਕੀ ਉਤਪਾਦਕਾਂ ਨੂੰ ਕਰੋੜਾਂ ਰੁਪਏ ਦਿੱਤੇ ਹਨ। ਅਸੀਂ ਉਨ੍ਹਾਂ ਕਿਸਾਨਾਂ ਨੂੰ 4 ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਦਿੰਦੇ ਹਾਂ, ਜੋ ਪਾਣੀ ਬਚਾਉਣ ਦੀਆਂ ਤਕਨੀਕਾਂ ਅਪਣਾ ਕੇ ਬਦਲਵੀਆਂ ਫਸਲਾਂ ਦੀ ਬਿਜਾਈ ਕਰਕੇ ਬਿਜਲੀ ਬਚਾਉਂਦੇ ਹਨ।
- ਸਾਨੂੰ ਵਿਆਜ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੇ 72 ਘੰਟਿਆਂ ਦੇ ਅੰਦਰ ਭੁਗਤਾਨ ਕਰਦੇ ਹਾਂ। ਇਹ ਤੁਹਾਡੀ ਸਰਕਾਰ ਦੀ ਖਰੀਦ ਪ੍ਰਕਿਰਿਆ ਦੇ ਮਾੜੇ ਪ੍ਰਬੰਧਨ ਅਤੇ ਕਿਸਾਨਾਂ ਪ੍ਰਤੀ ਤੁਹਾਡਾ ਰੁੱਖਾ ਰਵੱਈਆ ਹੈ ਜੋ ਭੁਗਤਾਨ ਵਿੱਚ ਦੇਰੀ ਦਾ ਕਾਰਨ ਬਣਦਾ ਹੈ।
- ਤੁਸੀਂ ਜੋ ਰੱਟ ਲਗਾਈ ਹੋਈ ਹੈ ਕਿ ਤੁਸੀਂ ਪਰਾਲੀ ਪ੍ਰਬੰਧਨ ਲਈ 1000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦਿੰਦੇ ਹੋ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਦਾ ਹਾਂ ਕਿ ਅਸੀਂ ਪੰਜਾਬ ਵਿੱਚ ਆਪਣੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 2500 ਰੁਪਏ ਪ੍ਰਤੀ ਏਕੜ ਦਿੰਦੇ ਹਾਂ, ਜੋ ਕਿ ਵਿੱਤੀ ਸਾਲ 2020 ਵਿੱਚ 19.93 ਕੁੱਲ ਰਕਮ ਸੀ, ਜਿਸ ਨਾਲ 31231 ਕਿਸਾਨਾਂ ਨੂੰ ਫ਼ਾਇਦਾ ਹੋਇਆ ਸੀ।
- ਸਾਡੇ ‘ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ। ਅਸੀਂ ਨਾ ਸਿਰਫ਼ ਤੁਹਾਡੇ ਬਰਾਬਰ ਸਗੋਂ ਤੁਹਾਡੇ ਤੋਂ ਵੱਧ ਆਪਣੇ ਕਿਸਾਨਾਂ ਨੂੰ ਗੰਨੇ ‘ਤੇ ਐੱਮਐੱਸਪੀ ਦਿੱਤੀ ਹੈ, ਜੋ ਕਿ 360 ਰੁਪਏ ਪ੍ਰਤੀ ਕੁਇੰਟਲ ਐੱਸਏਪੀ ਹੈ। ਅਸੀਂ ਇਸ ਰਕਮ ਨੂੰ ਹੋਰ ਵਧਾ ਦਿੰਦੇ, ਜੇਕਰ ਤੁਹਾਡੀ ਭਾਜਪਾ ਸਰਕਾਰ ਨੇ ਕੁੱਝ ਪੈਸੇ ਛੱਡ ਦਿੱਤੇ ਹੁੰਦੇ।