‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਵਿੱਚ ਜੋ ਕੁੱਝ ਹੋਇਆ, ਉਸ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਖੱਟਰ ਦਾ ਹਰਿਆਣੇ ਵਿੱਚ ਹੋ ਰਹੇ ਵਿਰੋਧ ਅਤੇ ਗਤੀਵਿਧੀਆਂ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣਾ ਬਹੁਤ ਹੀ ਘਟੀਆ ਅਤੇ ਸ਼ਰਮਨਾਕ ਬਿਆਨ ਹੈ। ਜੋ ਕੁੱਝ ਹਰਿਆਣਾ ਵਿੱਚ ਹੋਇਆ, ਉਸ ਲਈ ਸਭ ਤੋਂ ਪਹਿਲਾਂ ਜ਼ਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ, ਜੋ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ। ਦੂਜਾ ਹਰਿਆਣਾ ਦੀ ਪੁਲਿਸ ਅਤੇ ਐੱਸਡੀਐੱਮ ਹੈ, ਜਿਸਨੇ ਕਿਸਾਨਾਂ ‘ਤੇ ਗੁੰਡਾਗਰਦੀ ਕੀਤੀ। ਪੰਜਾਬ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਤੁਰਕ, ਮੁਗਲ ਆਏ, ਉਦੋਂ ਸਾਰੇ ਦੇਸ਼ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਬਚਾਉਂਦਾ ਰਿਹਾ। ਪੰਜਾਬ ਦੇਸ਼ ਵਿੱਚ ਅੰਨ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਪੰਜਾਬ ਦੇ ਕਿਸਾਨਾਂ ਨੇ ਮਿਹਨਤ ਕਰਕੇ ਇਸ ਦੇਸ਼ ਦੇ ਗੁਦਾਮ ਭਰੇ ਹਨ। ਪੰਜਾਬ ਨੇ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹਨ। ਪੰਜਾਬ ਇੱਕ ਵਾਰ ਫਿਰ ਜ਼ਿੰਮੇਵਾਰ ਹੋਵੇਗਾ ਆਰਐੱਸਐੱਸ ਦੀ ਜੜ੍ਹ ਪੁੱਟਣ ਵਾਸਤੇ, ਬੀਜੇਪੀ ਦੇ ਫਿਰਕੂ ਫਾਸੀਵਾਦ ਨੂੰ ਜਾਮ ਕਰਨ ਲਈ ਜ਼ਿੰਮੇਵਾਰ ਹੋਵੇਗਾ। ਪੰਜਾਬ ਨੂੰ ਭਵਿੱਖ ਵਿੱਚ ਪੂੰਜੀਵਾਦ, ਕਾਰਪੋਰੇਟ ਦੇ ਖ਼ਿਲਾਫ਼ ਲਹਿਰ ਨੂੰ ਜਨਮ ਦੇਣ ਲਈ ਜ਼ਿੰਮੇਵਾਰ ਮੰਨਿਆ ਜਾਵੇਗਾ। ਉਨ੍ਹਾਂ ਨੇ ਖੱਟਰ ਨੂੰ ਆਪਣੇ ਬਿਆਨ ਦੀ ਮੁਆਫ਼ੀ ਮੰਗਣ ਅਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ।