‘ਦ ਖ਼ਾਲਸ ਟੀਵੀ ਬਿਊਰੋ:-ਕਿਸਾਨਾਂ ਨੇ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਚੇਤਾਵਨੀ ਜਾਰੀ ਕੀਤੀ ਸੀ ਕਿ ਪੀਪਲਸ ਵਿਪ ਜਾਂ ਕਹਿ ਲਈਏ ਵੋਟਰਸ ਵਿਪ ਰਾਹੀਂ ਜਿਹੜੇ ਵੀ ਸਾਂਸਦ ਗੈਰਹਾਜ਼ਰ ਰਹਿਣਗੇ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਵਾਜ਼ ਨਹੀਂ ਚੁੱਕਣਗੇ, ਵਾਕਆਊਟ ਕਰਕੇ ਆ ਜਾਣਗੇ, ਉਨਾਂ ਦਾ ਅਸੀਂ ਬੀਜੇਪੀ ਲੀਡਰਾਂ ਵਰਗਾ ਹਾਲ ਕਰਾਂਗੇ।ਹੁਣ ਸੈਸ਼ਨ ਖਤਮ ਹੋ ਚੁੱਕੇ ਨੇ।ਦੇਖ ਲੈਂਦੇ ਹਾਂ ਪੰਜਾਬ ਦੇ 13 ਲੋਕ ਸਭਾ ਤੇ 7 ਰਾਜ ਸਭਾ ਮੈਂਬਰਾਂ ‘ਚੋਂ ਕਿਹੜੇ-ਕਿਹੜੇ ਲੀਡਰ ਨੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਤੇ ਕਿਹੜੇ ਲੀਡਰ ਨੇ ਸਾਥ ਦਿੱਤਾ ਹੈ।
ਸਭ ਤੋਂ ਪਹਿਲਾਂ ਉਹ ਸੰਸਦ ਮੈਂਬਰ ਜਿਨ੍ਹਾਂ ਨੇ ਪੂਰੀ ਤਰ੍ਹਾਂ ਮੰਨੀ ਹੈ।ਤੁਸੀਂ ਹੈਰਾਨ ਹੋ ਜਾਉਗੇ ਪਰ ਹੁਣ ਤੁਸੀਂ ਇਨ੍ਹਾਂ ਦੀ ਨੀਅਤ ‘ਤੇ ਸ਼ੱਕ ਨਹੀਂ ਕਰ ਸਕਦੇ। ਕਿਉਂਕਿ ਹਰ ਦਿਨ ਲੋਕ ‘ਚ ਹਾਜ਼ਰ ਰਹੇ ਸੰਘ ਵੀ ਪਾੜਦੇ ਰਹੇ ਤੇ ਉਹੀ ਐਮਪੀ ਨੇ ਜਿਨਾਂ ਨੇ ਕਿਸਾਨਾਂ ਖਾਤਰ ਆਪਣੀ ਵਜ਼ੀਰੀ ਛੱਡ ਦਿੱਤੀ। ਉਹ ਵੱਖਰੀ ਗੱਲ ਹੈ ਕਿ ਕਾਨੂੰਨ ਬਣਨ ਵੇਲੇ ਸਰਕਾਰ ਦੇ ਨਾਲ ਸਨ।
ਨਾਮ ਹੈ ਹਰਸਿਮਰਤ ਕੌਰ ਬਾਦਲ
ਹਾਜ਼ਰੀ 100 ਫੀਸਦੀ
ਦੂਜਾ ਨਾਮ ਹੈ ਕਾਂਗਰਸੀ ਸਾਂਸਦ ਰਣਬੀਰ ਡਿੰਪਾ ਦਾ ਜੋ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹਨ।ਕੁਰਬਾਨੀ ਕਾਂਗਰਸੀ ਐਮਪੀਜ਼ ਦੀ ਵੀ ਕੋਈ ਘੱਟ ਨਹੀਂ, ਜਿਹੜੇ ਮਹੀਨਿਆਂ ਤੋਂ ਜੰਤਰ ਮੰਤਰ ‘ਤੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਲਾ ਕੇ ਬੈਠੇ ਹੋਏ ਹਨ। ਡਿੰਪਾ ਨੇ ਵੀ 100 ਫੀਸਦੀ ਹਾਜ਼ਰੀ ਦਰਜ ਕਰਾਈ ਹੈ।
ਜਿਹੜੇ ਸਭ ਤੋਂ ਵੱਧ ਗੈਰਹਾਜ਼ਰ ਰਹੇ
ਪਹਿਲਾ ਨਾਮ ਉਸ ਸਾਂਸਦ ਹੈ, ਜਿਨਾਂ ਨੂੰ ਵੋਟਾਂ ਪਾਕੇ ਗੁਰਦਾਸਪੁਰੀਏ ਬੱਸ ਸਿਰਫ ਪਛਤਾ ਹੀ ਰਹੇ ਨੇ।ਉਹ ਸਾਂਸਦ ਜਿਹੜੇ ਬੀਜੇਪੀ ਦੇ ਵਿਧਾਇਕ ਦੀ ਧੀ ਨੂੰ ਥਾਰ ਦੇਣ ਲਈ ਕੰਪਨੀ ਨੂੰ ਚਿੱਠੀਆਂ ਲਿਖਕੇ ਸਿਫਾਰਿਸ਼ ਤਾਂ ਜ਼ਰੂਰ ਕਰ ਦਿੰਦੇ ਨੇ ਪਰ ਆਪਣੇ ਹਲਕੇ ਦੇ ਲੋਕਾਂ ਲਈ ਸਰਕਾਰ ਤੋਂ ਕੁਝ ਮੰਗਣਾ ਤਾਂ ਦੂਰ ਕਦੇ ਆਪਣੀ ਸ਼ਕਲ ਵੀ ਨੀ ਦਿਖਾਉਂਦੇ। ਜਿਨਾਂ ਦਾ ਢਾਈ ਕਿੱਲੋ ਦਾ ਹੱਥ ਸਿਰਫ ਫੋਕਾ ਦਿਖਾਵਾ ਹੈ।ਉਹ ਨੇ ਸੰਨੀ ਦਿਉਲ। ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਾਉਣ ਵਾਲੇ ਸੰਨੀ ਦਿਉਲ ਅੱਜ ਗੁਜਰਾਤੀਆਂ ਦੇ ਹੱਥ ਟੋਕੇ ਬਣੇ ਹੋਏ ਹਨ।
ਦੂਜਾ ਨਾਮ ਉਸ MP ਦਾ ਹੈ, ਜਿਨਾਂ ਦੀ ਪਤਨੀ ਦੀ 100 ਫੀਸਦੀ ਹਾਜ਼ਰੀ ਰਹੀ ਹੈ, ਨਾਮ ਜਾਣ ਹੀ ਗਏ ਹੋਵੋਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਬਾਦਲ 15 ਦਿਨਾਂ ਚੋਂ 6 ਦਿਨ ਗੈਰਹਾਜ਼ਰ ਰਹੇ, ਬਾਦਲ ਸਾਹਬ ਥੋੜਾ ਜਿਹਾ ਪਿੱਛੇ ਰਹਿ ਗਏ।ਜੇਕਰ ਦੋਵੇਂ ਪਤੀ ਪਤਨੀ ਦੀ ਹਾਜ਼ਰੀ 100 ਫੀਸਦੀ ਰਹਿੰਦੀ, ਪਰ ਉਨਾਂ ਕੋਲ ਬਹਾਨਾ ਹੈ ਕਿ ਪਾਰਟੀ ਪ੍ਰਧਾਨ ਹੋਣ ਕਰਕੇ ਪੰਜਾਬ ਵੀ ਦੇਖਣਾ ਪੈਂਦਾ ਹੈ।ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਉਸ ਦਿਨ ਸੁਖਬੀਰ ਦੀ ਗ਼ੈਰਹਾਜ਼ਰੀ ਦਾ ਮਿਹਣਾ ਵੀ ਮਾਰਿਆ ਸੀ, ਜਿਸ ਦਿਨ ਉਨ੍ਹਾਂ ਦੀ ਹਰਸਿਮਰਤ ਬਾਦਲ ਨਾਲ ਸੰਸਦ ਤੋਂ ਬਾਹਰ ਬਹਿਸ ਹੋਈ ਸੀ।
‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ 14 ਦਿਨ ਹਾਜ਼ਰੀ ਰਹੀ ਹੈ ਅਤੇ ਇਸੇ ਤਰ੍ਹਾਂ ਸੰਸਦ ਮੈਂਬਰ ਮੁਨੀਸ਼ ਤਿਵਾੜੀ, ਅਮਰ ਸਿੰਘ, ਮੁਹੰਮਦ ਸਦੀਕ ਅਤੇ ਰਵਨੀਤ ਬਿੱਟੂ ਦੀ ਹਾਜ਼ਰੀ ਵੀ ਸੈਸ਼ਨ ਦੌਰਾਨ 14-14 ਦਿਨ ਰਹੀ ਹੈ। ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਪਰਨੀਤ ਕੌਰ ਦੀ ਹਾਜ਼ਰੀ 13-13 ਦਿਨ ਰਹੀ ਹੈ ਜਦੋਂਕਿ ਹਰਸਿਮਰਤ ਕੌਰ ਬਾਦਲ ਅਤੇ ਜਸਬੀਰ ਡਿੰਪਾ ਦੀ ਹਾਜ਼ਰੀ ਦੇ ਮਾਮਲੇ ਵਿੱਚ ਝੰਡੀ ਲੈ ਗਏ ਹਨ, ਜੋ ਪੂਰੇ ਦਿਨ ਹਾਜ਼ਰ ਰਹੇ ਹਨ।
ਪੰਜਾਬ ਤੋਂ ਰਾਜ ਸਭਾ ’ਚ ਸੱਤ ਸੰਸਦ ਮੈਂਬਰ ਹਨ, ਜਿਨ੍ਹਾਂ ’ਚੋਂ ਭਾਜਪਾ ਦੇ ਸ਼ਵੇਤ ਮਲਿਕ ਅਤੇ ਨਰੇਸ਼ ਗੁਜਰਾਲ ਦੀ ਹਾਜ਼ਰੀ ਸੌ ਫ਼ੀਸਦੀ ਰਹੀ ਹੈ ਜਦਕਿ ਸੁਖਦੇਵ ਸਿੰਘ ਢੀਂਡਸਾ ਤਿੰਨ ਦਿਨ ਗ਼ੈਰਹਾਜ਼ਰ ਰਹੇ ਹਨ। ਕਾਂਗਰਸੀ ਸੰਸਦ ਮੈਂਬਰ ਅੰਬਿਕਾ ਸੋਨੀ ਅਤੇ ਪ੍ਰਤਾਪ ਸਿੰਘ ਬਾਜਵਾ ਸਿਰਫ਼ ਇੱਕ-ਇੱਕ ਦਿਨ ਗ਼ੈਰਹਾਜ਼ਰ ਰਹੇ ਹਨ ਜਦਕਿ ਸ਼ਮਸ਼ੇਰ ਸਿੰਘ ਦੂਲੋ ਦੋ ਦਿਨ ਗ਼ੈਰਹਾਜ਼ਰ ਰਹੇ।
ਸੋਨੀਆ ਗਾਂਧੀ ਤੇ ਹੇਮਾ ਮਾਲਿਨੀ ਵੀ ਗ਼ੈਰਹਾਜ਼ਰ
ਐਤਕੀਂ ਦੇ ਸੈਸ਼ਨ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਿਰਫ਼ ਇੱਕ ਦਿਨ ਹੀ ਹਾਜ਼ਰ ਰਹੇ ਹਨ ਜਦਕਿ ਰਾਹੁਲ ਗਾਂਧੀ ਨੇ 11 ਦਿਨ ਸੈਸ਼ਨ ਵਿੱਚ ਹਾਜ਼ਰੀ ਭਰੀ ਹੈ। ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਵੀ ਸੈਸ਼ਨ ’ਚੋਂ 9 ਦਿਨ ਗ਼ੈਰਹਾਜ਼ਰ ਰਹੀ ਹੈ ਅਤੇ ਯੂਪੀ ਤੋਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ 7 ਦਿਨ ਗ਼ੈਰਹਾਜ਼ਰ ਰਹੇ ਹਨ।
ਸੋ ਕੁੱਲ ਮਿਲਾ ਕੇ…
ਜਾਣਕਾਰੀ ਅਨੁਸਾਰ ਪੰਜਾਬ ਵਿੱਚੋਂ ਲੋਕ ਸਭਾ ਦੇ ਕੁੱਲ 13 ਸੰਸਦ ਮੈਂਬਰ ਹਨ, ਜਿਨ੍ਹਾਂ ’ਚੋਂ ਇੱਕ ਕੇਂਦਰੀ ਵਜ਼ੀਰ ਹੈ। ਪੰਜਾਬ ਦੇ ਦਰਜਨ ਸੰਸਦ ਮੈਂਬਰਾਂ ’ਚੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ‘ਪੀਪਲਜ਼ ਵ੍ਹਿਪ’ ਦੀ ਪਰਵਾਹ ਨਹੀਂ ਕੀਤੀ ਹੈ। ਉਨ੍ਹਾਂ ਸੈਸ਼ਨ ਦੌਰਾਨ ਸਿਰਫ਼ ਤਿੰਨ ਦਿਨ ਹੀ ਹਾਜ਼ਰੀ ਭਰੀ ਜਦਕਿ 12 ਦਿਨ ਗ਼ੈਰਹਾਜ਼ਰ ਰਹੇ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਘੋਲ ਸ਼ੁਰੂ ਹੋਣ ਤੋਂ ਸੰਸਦ ਮੈਂਬਰ ਸਨੀ ਦਿਓਲ ਪੰਜਾਬ ’ਚੋਂ ਵੀ ਗ਼ੈਰਹਾਜ਼ਰ ਹਨ, ਹਾਲਾਂਕਿ ਬਹੁਤੇ ਸੰਸਦ ਮੈਂਬਰਾਂ ਨੇ ‘ਪੀਪਲਜ਼ ਵ੍ਹਿਪ’ ਦੀ ਪਾਲਣਾ ਕੀਤੀ ਹੈ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ‘ਪੀਪਲਜ਼ ਵ੍ਹਿਪ’ ’ਤੇ ਪੰਜਾਬ ਦੇ ਸੰਸਦ ਮੈਂਬਰਾਂ ਨੇ ਪਹਿਰਾ ਦਿੱਤਾ ਹੈ, ਜਦਕਿ ਦੋ ਸੰਸਦ ਮੈਂਬਰ ਪੂਰੀ ਤਰ੍ਹਾਂ ਨਹੀਂ ਨਿਭ ਸਕੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ‘ਪੀਪਲਜ਼ ਵ੍ਹਿਪ’ ਜਾਰੀ ਕੀਤਾ ਸੀ ਕਿ ਸਾਰੇ ਸੰਸਦ ਮੈਂਬਰ ਸੈਸ਼ਨ ਦੌਰਾਨ ਹਾਜ਼ਰ ਰਹਿਣ, ਸੈਸ਼ਨ ਦੌਰਾਨ ਵਾਕਆਊਟ ਨਾ ਕੀਤਾ ਜਾਵੇ ਅਤੇ ਖੇਤੀ ਕਾਨੂੰਨਾਂ ਸਬੰਧੀ ਪਾਰਲੀਮੈਂਟ ਚੱਲਣ ਨਾ ਦਿੱਤੀ ਜਾਵੇ। ਸੰਸਦ ਦਾ ਮੌਨਸੂਨ ਸੈਸ਼ਨ ਨਿਸ਼ਚਿਤ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਖ਼ਤਮ ਹੋ ਗਿਆ ਹੈ।
ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਦਾ ਨਾਂ ਆਉਂਦਾ ਹੈ, ਜਿਨ੍ਹਾਂ ਦੀ ਸੰਸਦ ਦੇ ਰਜਿਸਟਰ ’ਤੇ ਹਾਜ਼ਰੀ 9 ਦਿਨ ਰਹੀ ਹੈ। ਇੰਜ ਉਹ ਸੈਸ਼ਨ ’ਚੋਂ ਛੇ ਦਿਨ ਗ਼ੈਰਹਾਜ਼ਰ ਰਹੇ ਹਨ। ਹਾਲਾਂਕਿ ਸੰਸਦ ਮੈਂਬਰ ਹਰਸਿਮਰਤ ਬਾਦਲ ਦੀ ਸੈਸ਼ਨ ਵਿੱਚ ਹਾਜ਼ਰੀ ਸੌ ਫ਼ੀਸਦੀ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਨੇ ਕਿਹਾ ਕਿ ਸੈਸ਼ਨ ਦੌਰਾਨ ਜਾਰੀ ‘ਪੀਪਲਜ਼ ਵ੍ਹਿਪ’ ਦਾ ਮਕਸਦ ਪੂਰਾ ਹੋ ਗਿਆ ਹੈ, ਜਿਸ ਕਰਕੇ ਸੈਸ਼ਨ ਦੋ ਦਿਨ ਪਹਿਲਾਂ ਹੀ ਖ਼ਤਮ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਗ਼ੈਰਹਾਜ਼ਰ ਰਹੇ ਮੈਂਬਰਾਂ ਦਾ ਨੋਟਿਸ ਲਿਆ ਜਾਵੇਗਾ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੀ ਲੋੜ ਵੇਲੇ ਜੋ ਸੰਸਦ ਮੈਂਬਰ ਗ਼ੈਰਹਾਜ਼ਰ ਰਹੇ ਹਨ, ਉਨ੍ਹਾਂ ਨੂੰ ਮੌਕਾ ਆਉਣ ’ਤੇ ਪੁੱਛਿਆ ਜਾਵੇਗਾ।
ਭਲਕੇ ਮੀਟਿੰਗ ਵਿੱਚ ਵਿਚਾਰਾਂਗੇ: ਬੁਰਜ ਗਿੱਲ
ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਭਲਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਗ਼ੈਰਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਦਾ ਮਾਮਲਾ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸੰਸਦ ਮੈਂਬਰਾਂ ਨੇ ‘ਪੀਪਲਜ਼ ਵ੍ਹਿਪ’ ਨੂੰ ਸੰਜੀਦਗੀ ਨਾਲ ਨਹੀਂ ਲਿਆ, ਉਨ੍ਹਾਂ ਸੰਸਦ ਮੈਂਬਰਾਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ।