India Punjab

ਹਿਮਾਚਲ ਵਿੱਚ ਫਿਰ ਵਾਪਰਿਆ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿੰਨੌਰ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਲਈ ਮੀਂਹ ਤਬਾਹੀ ਬਣ ਰਿਹਾ ਹੈ।ਹਿਮਾਚਲ ਵਿੱਚ ਇਕ ਤੋਂ ਬਾਅਦ ਇਕ ਢਿੱਗਾਂ ਡਿਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਲਾਹੌਲ-ਸਪਿਤੀ ਰਾਜ ਦੇ ਕਬਾਇਲੀ ਜਿਲ੍ਹੇ ਦੇ ਉਦੈਪੁਰ ਉਪ-ਮੰਡਲ ਦੇ ਨਾਲਦਾ ਦੇ ਸਾਹਮਣੇ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਚੰਦਰਭਾਗਾ ਨਦੀ ਵਿੱਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ।

ਇਸ ਪਹਾੜ ਦੇ ਟੁੱਟਣ ਕਾਰਨ ਦਰਿਆ ਦਾ ਵਹਾਅ ਰੁਕ ਗਿਆ ਹੈ ਅਤੇ ਇਲਾਕੇ ਦੇ ਕਈ ਪਿੰਡਾਂ ਵਿੱਚ ਹੜ੍ਹ ਆਉਣ ਦਾ ਖਤਰਾ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਚੰਦਰਭਾਗਾ ਨਦੀ ਦੇ ਰੁਕਣ ਕਾਰਨ ਜੁੰਡਾ, ਤਡੰਗ ਅਤੇ ਜਸਰਥ ਪਿੰਡਾਂ ਦੀ ਸੈਂਕੜੇ ਵਿੱਘੇ ਜ਼ਮੀਨ ਤੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਜਸਰਥ ਅਤੇ ਤਾਂਡਗ ਪਿੰਡ ਦੇ ਲੋਕ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਚਲੇ ਗਏ ਹਨ।ਜਸਰਥ ਪੁਲ ਦੇ ਇੱਕ ਸਿਰੇ ਤੱਕ ਪਾਣੀ ਪਹੁੰਚ ਗਿਆ ਹੈ।ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਤਕਨੀਕੀ ਸਿੱਖਿਆ ਮੰਤਰੀ ਡਾ: ਰਾਮ ਲਾਲ ਮਾਰਕੰਡਾ ਮੁੱਖ ਮੰਤਰੀ ਨੂੰ ਮਿਲਣ ਸ਼ਿਮਲਾ ਪਹੁੰਚੇ ਹਨ।ਪੁਲਿਸ ਸੁਪਰਡੈਂਟ ਲਾਹੌਲ-ਸਪਿਤੀ ਮਾਨਵ ਵਰਮਾ ਨੇ ਘਾਟੀ ਦੇ ਸਾਰੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਣ ਤਾਂ ਜੋ ਸਥਿਤੀ ਨੂੰ ਸੰਭਾਲਿਆ ਜਾ ਸਕੇ।