‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁਦਰਤ ਦੇ ਜੀਵ-ਜੰਤੂ ਵੀ ਮਨੁੱਖਾਂ ਵਾਂਗ ਹੱਥਾਂ (ਚੁੰਝਾਂ) ਦੇ ਕਰਿੰਦੇ ਹਨ। ਕਈ ਤਾਂ ਪੱਤੇ ਬੂਟਿਆਂ ਉੱਪਰ ਕਰੋਸ਼ੀਏ ਵਾਂਗ ਕੰਮ ਕਰਦੇ ਹਨ। ਪਰ ਤੁਸੀਂ ਸ਼ਾਇਦ ਹੀ ਸੁਣਿਆਂ ਹੋਵੇਗਾ ਕਿ ਕਿਸੇ ਚਿੜੀ ਦੀ ਚੁੰਝ ਦਰਜੀ ਦੀ ਸੂਈ ਵਾਂਗ ਕੰਮ ਕਰਦੀ ਹੈ। ਇਕ ਵੀਡੀਓ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸਨੂੰ ਤਿੱਖੀ ਚੁੰਝ ਨਾਲ ਬਹੁਤ ਸੋਹਣਾ ਆਲ੍ਹਣਾ ਬਣਾਉਂਦਿਆਂ ਵੇਖਿਆ ਜਾ ਸਕਦਾ ਹੈ।
ਟਵਿੱਟਰ ਉੱਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ Buitengebieden ਨਾਂ ਦੇ ਪੇਜ ਉੱਤੇ ਸਾਂਝਾ ਕੀਤਾ ਗਿਆ ਹੈ।ਇਸ ਵੀਡੀਓ ਵਿੱਚ ਟੇਲਰਬਰਡ (Tailor Bird) ਆਪਣਾ ਆਲ੍ਹਣਾ ਬਣਾ ਰਹੀ ਹੈ। 56 ਸੈਕੰਡ ਦੀ ਇਸ ਵੀਡੀਓ ਨੂੰ ਹੁਣ ਤੱਕ ਇਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਜੇਕਰ ਇਸ ਵੀਡੀਓ ਦੀ ਕੈਪਸ਼ਨ ਦੇਖੀ ਜਾਵੇ ਤਾਂ ਉਹ ਵੀ ਕਮਾਲ ਦੀ ਹੈ। ਲਿਖਿਆ ਗਿਆ ਹੈ ਕਿ ਇਕ ਟੇਲਰਬਰਡ, ਕੁਦਰਤ ਹਾਲੇ ਵੀ ਮੈਨੂੰ ਹਰੇਕ ਦਿਨ ਹੈਰਾਨ ਕਰਦੀ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਲੋਕ ਇਸ ਸੁਚੱਜੇ ਢੰਗ ਨਾਲ ਇਕ ਚਿੜੀ ਨੂੰ ਆਲ੍ਹਣਾ ਬਣਾਉਂਦਿਆਂ ਦੇਖ ਕੇ ਖੁਸ਼ ਵੀ ਹੋ ਰਹੇ ਹਨ ਤੇ ਹੈਰਾਨ ਵੀ। ਲੋਕ ਹੈਰਾਨ ਇਸ ਲਈ ਹਨ ਕਿ ਆਖਿਰ ਇਸ ਚਿੜੀ ਨੇ ਇਸ ਢੰਗ ਨਾਲ ਸੂਈ ਵਰਗੀ ਚੁੰਝ ਦੀ ਮਦਦ ਨਾਲ ਆਲ੍ਹਣਾ ਬਣਾਉਣਾ ਕਿਵੇਂ ਸਿੱਖਿਆ ਹੋਵੇਗਾ।
ਕਮੈਂਟ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ ਹੈ ਕਿ ਜਿੰਨਾ ਤੁਸੀਂ ਕੁਦਰਤ ਨੂੰ ਦੇਖਦੇ ਹੋ, ਉਸੇ ਹਿਸਾਬ ਨਾਲ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਨਸਾਨ ਵਿਚ ਸਭ ਕੁੱਝ ਨਸ਼ਟ ਕਰਨ ਦੀ ਉਸਦੀ ਸਮਰੱਥਾ ਤੋਂ ਇਲਾਵਾ ਕੋਈ ਖਾਸ ਗੱਲ ਨਹੀਂ ਹੈ।ਇਕ ਹੋਰ ਨੇ ਲਿਖਿਆ ਹੈ ਕਿ ਦੇਖੋ ਇਹ ਕਿੰਨੀ ਚਲਾਕੀ ਨਾਲ ਆਪਣੇ ਆਰਾਮਦਾਇਕ ਆਲ੍ਹਣੇ ਨੂੰ ਸਿਲ ਰਹੀ ਹੈ, ਕਿਸਨੇ ਇਸਨੂੰ ਮਹੱਤਵਪੂਰਣ ਟੈਲੇਂਟ ਸਿਖਾਇਆ ਹੈ।