ਸੀਬੀਆਈ ਜਾਂਚ ‘ਚ ਡਾਹਿਆ ਅੜਿੱਕਾ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਾਧੂ ਸਿੰਘ ਧਰਮਸੋਤ ਦੇ ਨਾਲ ਯਾਰੀ ਪੁਗਾ ਦਿੱਤੀ ਹੈ। ਧਰਮਸੋਤ ਵੀ ਕੈਪਟਨ ਅਮਰਿੰਦਰ ਸਿੰਘ ਦਾ ਲਗਾਤਾਰ ਵਫ਼ਾਦਾਰ ਸਿਪਾਹੀ ਬਣ ਕੇ ਨਿਭਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਉੱਤੇ ਲੱਗਦੇ 64 ਕਰੋੜ ਰੁਪਏ ਦੇ ਐੱਸਸੀ ਸਕਾਲਰਸ਼ਿਪ ਦੇ ਕਥਿਤ ਘੁਟਾਲੇ ਦੇ ਲੱਗਦੇ ਦੋਸ਼ਾਂ ਦੀ ਸੀਬੀਆਈ ਜਾਂਚ ‘ਚ ਅੜਿੱਕਾ ਡਾਹ ਦਿੱਤਾ ਹੈ। ਸੀਬੀਆਈ ਨੂੰ ਕੇਂਦਰ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਮਾਮਲੇ ਦੇ ਪਿਛੋਕੜ ਵਿੱਚ ਜਾਈਏ ਤਾਂ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫ਼ੈਸਲਾ ਲਿਆ ਸੀ ਕਿ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਸੀਬੀਆਈ ਕੋਈ ਜਾਂਚ ਸ਼ੁਰੂ ਨਹੀਂ ਕਰ ਸਕਦੀ। ਮੋਤੀਆਂ ਵਾਲੀ ਸਰਕਾਰ ਨੇ ਉਸੇ ਨੋਟੀਫਿਕੇਸ਼ਨ ਦਾ ਸਹਾਰਾ ਲਿਆ ਹੈ।
ਪੰਜਾਬ ਤੋਂ ਬਿਨਾਂ ਪੱਛਮੀ ਬੰਗਾਲ ਸਮੇਤ ਕਈ ਹੋਰ ਰਾਜਾਂ ਦੀਆਂ ਸਰਕਾਰਾਂ ਵੀ ਅਜਿਹੇ ਨੋਟੀਫਿਕੇਸ਼ਨ ਜਾਰੀ ਕਰ ਚੁੱਕੀਆਂ ਹਨ। ਸੀਬੀਆਈ ਵੱਲੋਂ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਤੋਂ ਦਸਤਾਵੇਜ਼ ਮੰਗੇ ਜਾਣ ਦਾ ਕੈਪਟਨ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਕੁੱਝ ਸਮਾਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਤੋਂ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਦੀ ਜਾਂਚ ਰਿਪੋਰਟ ਮੰਗੀ ਸੀ। ਉਹ ਵੀ ਸੂਬਾ ਸਰਕਾਰ ਨੇ ਨਹੀਂ ਭੇਜੀ। ਸੀਬੀਆਈ ਕੈਪਟਨ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਹੀ ਧਰਮਸੋਤ ਨੂੰ ਹੱਥ ਪਾ ਸਕਦੀ ਹੈ, ਜਿਹੜਾ ਕਿ ਹਾਲ ਦੀ ਘੜੀ ਸੰਭਵ ਨਹੀਂ ਲੱਗ ਰਿਹਾ।