‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਸੰਸਦ ਬਹੁਤ ਸਫਲਤਾ ਦੇ ਨਾਲ ਚੱਲ ਰਹੀ ਹੈ, ਜਿਸਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਉਨ੍ਹਾਂ ਕਿਹਾ ਕਿ ਇੱਥੇ ਦੋ ਸੰਸਦ ਹਨ, ਇੱਕ ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ ਹੈ, ਜਿਸਨੂੰ ਸੰਵਿਧਾਨਿਕ ਪਾਰਲੀਮੈਂਟ ਕਿਹਾ ਜਾਂਦਾ ਹੈ ਅਤੇ ਇੱਕ ਲੋਕਾਂ ਦੀ ਪਾਰਲੀਮੈਂਟ ਹੈ। ਸੰਵਿਧਾਨਿਕ ਪਾਰਲੀਮੈਂਟ ਵਿੱਚ ਰੋਜ਼ ਕਲੇਸ਼ ਹੁੰਦਾ ਹੈ, ਲੋਕਾਂ ਦੇ ਮੁੱਦਿਆਂ ‘ਤੇ ਵਿਚਾਰ ਨਹੀਂ ਹੁੰਦੀ, ਇੱਕ-ਦੂਜੇ ‘ਤੇ ਚਿੱਕੜ ਸੁੱਟਿਆ ਜਾਂਦਾ ਹੈ। ਲੋਕਾਂ ਦੀ ਕਿਸਾਨ ਸੰਸਦ ਸਿਆਸੀ ਲੀਡਰਾਂ ਨੂੰ ਇੱਕ ਸੰਦੇਸ਼ ਦਿੰਦੀ ਹੈ ਕਿ ਕਿਸਾਨ ਤੁਹਾਡੇ ਨਾਲੋਂ ਵਧੀਆ ਢੰਗ ਦੇ ਨਾਲ ਸੰਸਦ ਚਲਾਉਣਾ ਜਾਣਦੇ ਹਨ। ਲੋਕਾਂ ਦੀ ਚੁਣੀ ਹੋਈ ਸੰਸਦ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੈ। ਕਿਸਾਨ ਸੰਸਦ ਵਰਗੀਆਂ ਸੰਸਦਾਂ ਵਾਰ-ਵਾਰ ਹੋਣੀਆਂ ਚਾਹੀਦੀਆਂ ਹਨ।
ਮੋਦੀ ਦੇਸ਼ ਨੂੰ ਲੁੱਟ ਕੇ ਖਾ ਰਿਹਾ ਹੈ। ਸਾਡੇ ਦੇਸ਼ ਦੀ ਆਰਥਿਕਤਾ ਦਾ ਬਹੁਤ ਬੁਰਾ ਹਾਲ ਹੈ ਅਤੇ ਪ੍ਰਧਾਨ ਮੰਤਰੀ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਸਰਕਾਰ ਨੇ ਬੁਰੀ ਤਰ੍ਹਾਂ ਦੇਸ਼ ਦੀ ਆਰਥਿਕਤਾ ਨੂੰ ਢਾਹ ਲਾਈ ਹੈ। ਦੇਸ਼ ਦਾ ਹਰ ਸੈਕਟਰ ਡੁੱਬ ਗਿਆ ਹੈ। ਸਿਰਫ ਤੇ ਸਿਰਫ ਖੇਤੀ ਸੈਕਟਰ ਨੇ ਹੀ ਇਸ ਦੇਸ਼ ਨੂੰ ਬਚਾਇਆ ਹੋਇਆ ਹੈ। ਜੇ ਇਹ ਵੀ ਫੇਲ੍ਹ ਹੋ ਗਿਆ ਹੁੰਦਾ ਤਾਂ ਅੱਜ ਦੇਸ਼ ਵਿੱਚ ਖਾਣਾ-ਜੰਗ ਸ਼ੁਰੂ ਹੋਈ ਹੁੰਦੀ। ਲੋਕਾਂ ਦੀ ਵਿਪ੍ਹ ‘ਤੇ ਅਸਰ ਹੋ ਰਿਹਾ ਹੈ।