Punjab

ਸਿੱਧੂ ਬਣੇ ਕਮਾਂਡਰ ਪਰ ਹਾਲੇ ਪਾੜਾ ਨਹੀਂ ਮਿਟਿਆ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾ ਦਿੱਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਮੂੰਹ ਨਾ ਖੋਲ੍ਹਣ ਕਾਰਨ ਪਾੜਾ ਹਾਲੇ ਵੀ ਜਿਉਂ ਦਾ ਤਿਉਂ ਬਰਕਰਾਰ ਹੈ। ਕਈ ਮਹੀਨਿਆਂ ਦੇ ਕਾਟੋ-ਕਲੇਸ਼ ਤੋਂ ਬਾਅਦ ਸਿੱਧੂ ਦੀ ਪੰਜਾਬ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਚਾਰ ਹੋਰ ਪ੍ਰਧਾਨ ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਵਰਕਿੰਗ ਪ੍ਰਧਾਨ ਲਗਾਏ ਗਏ ਹਨ। ਪਾਰਟੀ ਅੰਦਰ ਚੱਲ ਰਹੇ ਕਾਟੋ-ਕਲੇਸ਼ ਨੂੰ ਖਤਮ ਕਰਨ ਲਈ ਪਾਰਟੀ ਹਾਈਕਮਾਂਡ ਵੱਲੋਂ ਅਮਰਿੰਦਰ ਸਿੰਘ ਅਤੇ ਸਿੱਧੂ ਨਾਲ ਕਈ ਗੇੜ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਮਸਲਾ ਉੱਥੇ ਦਾ ਉੱਥੇ ਖੜ੍ਹਾ ਰਹਿ ਗਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਟਵੀਟ ਕਰਕੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਸਿੱਧੂ ਅਤੇ ਕੈਪਟਨ ਦੋਵਾਂ ਵਿੱਚ ਚੱਲਦੀ ਅਣਬਣ ਕਾਰਨ ਸਿੱਧੂ ਨੂੰ ਸਥਾਨਕ ਸਰਕਾਰ ਮਹਿਕਮੇ ਤੋਂ ਹੱਥ ਧੋਣੇ ਪੈ ਗਏ ਸਨ। ਬਿਜਲੀ ਮਹਿਕਮਾ ਲੈਣ ਤੋਂ ਸਿੱਧੂ ਨਾਂਹ ਕਰ ਗਏ, ਜਿਸ ਤੋਂ ਬਾਅਦ ਲੜਾਈ ਹੋਰ ਜ਼ੋਰ ਫੜ੍ਹ ਗਈ। ਦੋਵਾਂ ਦੀ ਲੜਾਈ ਦਰਮਿਆਨ ਅਮਰਿੰਦਰ ਦੇ ਨੇੜਲੇ ਦੋ ਸਾਥੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਾਥ ਛੱਡ ਗਏ। ਕੈਪਟਨ ਖੇਮੇ ਨੂੰ ਹੋਰ ਵੀ ਖੋਰਾ ਲੱਗਿਆ। ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੋਂ ਪਹਿਲਾਂ ਸ਼ਰਤਾਂ ਰੱਖਣ ਦੇ ਬਾਵਜੂਦ ਪਾਰਟੀ ਹਾਈਕਮਾਂਡ ਨੇ ਲੰਘੇ ਕੱਲ੍ਹ ਨਵਾਂ ਪ੍ਰਧਾਨ ਲਾਏ ਜਾਣ ਦਾ ਐਲਾਨ ਕਰ ਦਿੱਤਾ।

ਪਾਰਟੀ ਹਾਈਕਮਾਂਡ ਵੱਲੋਂ ਜਾਰੀ ਹੁਕਮਾਂ ਦੇ 12 ਘੰਟੇ ਬਾਅਦ ਕੈਪਟਨ ਧੜੇ ਵੱਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ। ਦੂਜੇ ਪਾਸੇ ਸਿੱਧੂ ਦੇ ਘਰ ਵਧਾਈ ਦੇਣ ਵਾਲਿਆਂ ਦੀ ਲਾਈਨ ਨਹੀਂ ਟੁੱਟ ਰਹੀ। ਸੂਤਰਾਂ ਅਨੁਸਾਰ ਸਿੱਧੂ ਨੇ ਅੱਜ ਫਿਰ ਆਪਣੀ ਗੱਡੀ ਦਾ ਸਟੇਰਿੰਗ ਚੰਡੀਗੜ੍ਹ ਵੱਲ ਨੂੰ ਮੋੜ ਲਿਆ ਹੈ। ਸਮਝਿਆ ਜਾ ਰਿਹਾ ਹੈ ਕਿ ਉਹ ਅਮਰਿੰਦਰ ਦੇ ਰੁਸੇਵਿਆਂ ਦੇ ਬਾਵਜੂਦ ਉਨ੍ਹਾਂ ਦੇ ਨਾਲ ਮੁਲਾਕਾਤ ਕਰਨਗੇ। ਪਰ ਹਾਲੇ ਤੱਕ ਇਸਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਦੱਸ ਦਈਏ ਕਿ ਕੈਪਟਨ ਨੇ ਸਿੱਧੂ ਹੱਥ ਪਾਰਟੀ ਦੀ ਕਮਾਂਡ ਦੇਣ ਤੋਂ ਪਹਿਲਾਂ ਉਸ ਵੱਲੋਂ ਸਰਕਾਰ ਖਿਲਾਫ ਕੀਤੇ ਗਏ ਟਵੀਟਾਂ ਲਈ ਜਨਤਕ ਤੌਰ ‘ਤੇ ਮੁਆਫੀ ਮੰਗਣ ਦੀ ਸ਼ਰਤ ਲਾਈ ਸੀ।

ਇੱਕ ਵੱਖਰੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੇ ਯੂ-ਟਰਨ ਮਾਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਹੈ। ਖਹਿਰਾ ਜਿਹੜੇ ਕਿ ਪਾਰਟੀਆਂ ਬਦਲਣ ਵਿੱਚ ਮਾਹਿਰ ਦੱਸੇ ਜਾਂਦੇ ਹਨ, ਨੇ ਆਪਣੇ ਕੀਤੇ ਟਵੀਟ ਵਿੱਚ ਕਿਹਾ ਹੈ ਕਿ ਸਿੱਧੂ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਲਖ ਸਬੰਧਾਂ ਉੱਤੇ ਜੰਮੀ ਬਰਫ ਬੜੇ ਸਹਿਜ ਨਾਲ ਸਾਫ ਕਰਨਗੇ। ਉੱਚ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਕੁੱਝ ਸਮੇਂ ਬਾਅਦ ਹੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਪਹੁੰਚਣ ਵਾਲੇ ਹਨ, ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਲੀਡਰ ਵੀ ਹਾਜ਼ਿਰ ਹੋਣਗੇ।