‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰੋਟੀ ਖਾਣਾ ਸਾਡੇ ਸਰੀਰ ਲਈ ਬਹੁਤ ਜਰੂਰੀ ਹੈ। ਇਹ ਸਾਡੇ ਸਰੀਰ ਦੇ ਬਹੁਤ ਸਾਰੇ ਤੱਤਾਂ ਨੂੰ ਪੂਰਾ ਕਰਦਾ ਹੈ।ਦਿਨ ਹੋਵੇ ਜਾਂ ਰਾਤ ਖਾਣਾ ਬਿਲਕੁਲ ਨਹੀਂ ਛੱਡਣਾ ਚਾਹੀਦਾ। ਕਈ ਲੋਕ ਡਾਇਟਿੰਗ ਕਰਦੇ ਹਨ, ਪਰ ਆਮ ਲੋਕਾਂ ਦਾ ਰਾਤ ਵੇਲੇ ਭੁੱਖਾ ਰਹਿਣਾ ਬਹੁਤ ਸਾਰੀਆਂ ਬਿਮਾਰੀਆਂ ਸਹੇੜ ਸਕਦਾ ਹੈ।ਖਾਲੀ ਪੇਟ ਲਈ ਨੀਂਦ ਮਹਿੰਗੀ ਪੈ ਸਕਦੀ ਹੈ।
ਸਿਹਤ ਮਾਹਿਰਾਂ ਦੇ ਅਨੁਸਾਰ ਜਦੋਂ ਅਸੀਂ ਰਾਤ ਨੂੰ ਖਾਲੀ ਪੇਟ ਸੁੱਤੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਵਾਰ ਵਾਰ ਸਾਨੂੰ ਰੋਟੀ ਖਾਣ ਦਾ ਮੈਸੇਜ ਦਿੰਦਾ ਰਹਿੰਦਾ ਹੈ। ਇਸ ਨਾਲ ਸਾਨੂੰ ਭੁੱਖ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਤੇ ਸਾਡੀ ਨੀਂਦ ਖਰਾਬ ਹੁੰਦੀ ਹੈ। ਸਾਰੀ ਰਾਤ ਠੀਕ ਤਰ੍ਹਾਂ ਨਾ ਸੌਣ ਕਾਰਨ ਦਿਨ ਵੇਲੇ ਪਰੇਸ਼ਾਨੀਆਂ ਹੁੰਦੀਆਂ ਹਨ।
ਮਾਸਪੇਸ਼ੀਆਂ ਨੂੰ ਮਜਬੂਤ ਰੱਖਣ ਲਈ ਸਾਨੂੰ ਚੰਗਾ ਖਾਣਾ ਖਾਣਾ ਜਰੂਰੀ ਹੁੰਦਾ ਹੈ। ਜੇਕਰ ਸਾਡੇ ਸਰੀਰ ਨੂੰ ਪ੍ਰੋਟੀਨ ਤੇ ਹੋਰ ਜਰੂਰੀ ਤੱਤ ਨਹੀਂ ਮਿਲਦੇ ਤਾਂ ਸਾਡੀਆਂ ਮਾਸਪੇਸ਼ੀਆਂ ਕਮਜੋਰ ਹੋ ਜਾਂਦੀਆਂ ਹਨ।ਰਾਤ ਵੇਲੇ ਜਿਆਦਾ ਊਰਜਾ ਦੀ ਲੋੜ ਹੁੰਦੀ ਹੈ ਤੇ ਖਾਲੀ ਪੇਟ ਸਾਡੇ ਦਿਮਾਗ ਉੱਤੇ ਅਸਰ ਕਰਦਾ ਹੈ। ਇਸ ਨਾਲ ਅਸੀਂ ਥੱਕੇ ਹੋਏ ਮਹਿਸੂਸ ਕਰਦੇ ਹਾਂ।
ਸਿਹਤ ਮਾਹਿਰਾਂ ਦੇ ਅਨੁਸਾਰ ਖਾਲੀ ਪੇਟ ਨਾਲ ਸਾਡਾ ਮੂਡ ਵੀ ਖਰਾਬ ਰਹਿੰਦਾ ਹੈ। ਗੁੱਸਾ ਆਉਂਦਾ ਹੈ, ਖਿਝੇ ਰਹਿੰਦੇ ਹਾਂ ਤੇ ਦਿਮਾਗੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਲਈ ਕੁੱਝ ਵੀ ਹੋਵੇ ਰਾਤ ਨੂੰ ਜਰੂਰ ਕੁੱਝ ਨਾ ਕੁੱਝ ਖਾ ਕੇ ਸੌਣਾ ਚਾਹੀਦਾ ਹੈ।