Punjab

ਨਹੀਂ ਰਹੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਇਜ਼ਹਾਰ ਅਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਦੇ ਸਾਬਕਾ ਮੁਖੀ ਅਤੇ ਪਦਮ ਸ਼੍ਰੀ ਇਜ਼ਹਾਰ ਆਲਮ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ ਹੈ। ਉਹ 72 ਸਾਲਾਂ ਦੇ ਸਨ। ਭਲਕ ਨੂੰ ਉਨ੍ਹਾਂ ਦਾ ਜ਼ਨਾਜਾ ਸਰਹਿੰਦ ਵਿਖੇ ਲਿਜਾਇਆ ਜਾਵੇਗਾ। ਪੁਲਿਸ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਵਕਫ ਬੋਰਡ ਦੇ ਚੇਅਰਮੈਨ ਬਣੇ। ਅਕਾਲੀ ਦਲ ਦੀ ਟਿਕਟ ਉੱਤੇ ਉਨ੍ਹਾਂ ਨੇ ਮਲੇਰਕੋਟਲਾ ਤੋਂ ਐੱਮਐੱਲਏ ਦੀ ਚੋਣ ਲੜਨੀ ਚਾਹੀ ਪਰ ਵਿਰੋਧ ਕਾਰਨ ਸੀਟ ਬਦਲ ਕੇ ਉਨ੍ਹਾਂ ਦੀ ਪਤਨੀ ਫਰਜ਼ਾਨਾ ਖਤੂਨ ਨੂੰ ਦੇ ਦਿੱਤੀ ਗਈ ਅਤੇ ਉਹ ਵਿਧਾਇਕ ਚੁਣੇ ਗਏ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 1987 ਵਿੱਚ ਪਦਮ ਸ਼੍ਰੀ ਐਵਾਰਡ ਦਿੱਤਾ ਸੀ।

ਇਜ਼ਹਾਰ ਆਲਮ ਦਾ ਬਤੌਰ ਪੁਲਿਸ ਮੁਖੀ ਅਤੇ ਇਸ ਤੋਂ ਪਹਿਲਾਂ ਡਾਇਰੈਕਟਰ ਵਿਜੀਲੈਂਸ ਵਜੋਂ ਕਾਰਜਕਾਲ ਵਿਵਾਦਾਂ ਵਿੱਚ ਰਿਹਾ ਹੈ। ਅਮਰੀਕਾ ਦੀ ਅੰਬੈਸੀ ਨੇ ਉਸਦੇ ਪੁਲਿਸ ਮੁਖੀ ਹੁੰਦਿਆਂ ਅੱਤਵਾਦ ਟਾਕਰੇ ਲਈ ਆਲਮ ਸੈਨਾ ਖੜ੍ਹੀ ਕਰਨ ਦੀ ਸੂਹ ਦਿੱਤੀ ਸੀ। ਉਨ੍ਹਾਂ ਦੀ ਸੈਨਾ ਵਿੱਚ ਸ਼ਾਮਿਲ 150 ਦੇ ਕਰੀਬ ਮੁਲਾਜ਼ਮਾਂ ਉੱਤੇ 1994 ਵਿੱਚ ਕਥਿਤ ਅੱਤਵਾਦੀਆਂ ਉੱਤੇ ਜੁਰਮ ਢਾਹੁਣ ਦੇ ਦੋਸ਼ ਲੱਗੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਕੈਪਟਨ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਉਨ੍ਹਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

Comments are closed.