Punjab

ਕਾਂਗਰਸ ਨੂੰ ਮਿਲਿਆ ‘ਅਲੀ ਬਾਬਾ 40 ਚੋਰ’ ਦਾ ਨਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਰਕਾਰ ‘ਤੇ ਫਤਿਹ ਕਿੱਟ ਵਿੱਚ ਘੁਟਾਲਾ ਕਰਨ ਦਾ ਦੋਸ਼ ਲਾਇਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ 400 ਰੁਪਏ ਵਿੱਚ ਵੈਕਸੀਨ ਖਰੀਦ ਕੇ ਪ੍ਰਾਈਵੇਟ ਹਸਪਤਾਲਾਂ ਨੂੰ 1 ਹਜ਼ਾਰ 40 ਰੁਪਏ ‘ਤੇ ਵੇਚੀ ਅਤੇ ਬਾਅਦ ਵਿੱਚ ਉਨ੍ਹਾਂ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈਣ ਦੇ ਹੁਕਮ ਦੇ ਦਿੱਤੇ। ਭਗਵੰਤ ਮਾਨ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਸਤੀਫੇ ਦੀ ਵੀ ਮੰਗ ਕੀਤੀ।

ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਹਾਈਕਮਾਂਡ ਦੇ ਅੱਗੇ ਖੁਦ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਇੰਨੇ ਵਿਧਾਇਕ ਤੇ ਮੰਤਰੀ ਭ੍ਰਿਸ਼ਟ ਹਨ। ਕੈਪਟਨ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਦੇ 40 ਮੰਤਰੀ ਭ੍ਰਿਸ਼ਟ ਹਨ। ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ‘ਅਲੀ ਬਾਬਾ 40 ਚੋਰ’ ਦਾ ਨਾਂ ਦਿੱਤਾ। ਕੈਪਟਨ ਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਕਿ ਉਹ ਸਰਕਾਰ ਚਲਾਉਣ ਅਤੇ ਕੈਪਟਨ ਉਸ ਭ੍ਰਿਸ਼ਟ ਸਰਕਾਰ ਦੇ ਲੀਡਰ ਹਨ। ਇਸ ਸਰਕਾਰ ਨੇ ਮਹਾਂਮਾਰੀ ਵਿੱਚ ਲੋਕਾਂ ਦਾ ਖੂਨ ਚੂਸਣ ਦਾ ਕੰਮ ਕੀਤਾ ਹੈ।