‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਵਿੱਚ ਵਾਪਸੀ ਕਰਨ ਤੋਂ ਬਾਅਦ ਕਿਹਾ ਕਿ ‘ਮੈਂ ਬਹੁਤ ਸੰਜੀਦਗੀ ਨਾਲ ਸੋਚਣ ਵਿਚਾਰਨ ਉਪਰੰਤ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ ਕਿਉਂਕਿ ਅਸੀਂ ਪੰਜਾਬ ਕੇਂਦਰਿਤ ਖੇਤਰੀ ਸ਼ਕਤੀ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਸਿਆਸਤ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਸਾਰੇ ਇਸ ਗੱਲ ਤੋਂ ਭਲੀ-ਭਾਂਤ ਵਾਕਿਫ ਹਨ ਕਿ ਮੈਂ ਪਿਛਲਾ ਇੱਕ ਸਾਲ ਸਾਰੇ ਹਮ ਖਿਆਲ ਲੀਡਰਾਂ ਨੂੰ ਇਕੱਠੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਅਸੀਂ ਕਿਸੇ ਠੋਸ ਫੈਸਲੇ ‘ਤੇ ਨਹੀਂ ਪਹੁੰਚ ਸਕੇ। ਕੌਣ ਅਤੇ ਕਿਹੜੀ ਧਿਰ ਇਸ ਪੰਜਾਬ ਪੱਖੀ ਫੈਸਲੇ ਦੇ ਰਾਹ ਵਿੱਚ ਅੜਿੱਕਾ ਸਨ, ਇਸ ਦਾ ਖੁਲਾਸਾ ਕਿਸੇ ਢੁੱਕਵੇਂ ਸਮੇਂ ‘ਤੇ ਜ਼ਰੂਰ ਕਰਾਂਗਾ ਪਰ ਹਾਲ ਦੀ ਘੜੀ ਮੈਂ ਖੁਦ ਨੂੰ ਵੀ ਇਸ ਅਸਫਲਤਾ ਲਈ ਜਿੰਮੇਵਾਰ ਮੰਨਦਾ ਹਾਂ’।
ਉਨ੍ਹਾਂ ਕਿਹਾ ਕਿ ‘ਮੌਜੂਦਾ ਹਲਾਤਾਂ ਵਿੱਚ ਮੈਂ ਅਕਾਲੀ ਦਲ ਬਾਦਲ ਜਾਂ ਭਾਜਪਾ ਵਿੱਚ ਸ਼ਾਮਿਲ ਹੋਣ ਬਾਰੇ ਕਦੀ ਸੋਚ ਵੀ ਨਹੀਂ ਸਕਦਾ, ਜਿਨ੍ਹਾਂ ਦਾ ਪੰਜਾਬ, ਕਿਸਾਨ ਅਤੇ ਸਿੱਖ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਤਾਂ ਤੁੱਕ ਹੀ ਨਹੀਂ ਬਣਦੀ ਸੀ, ਜਿਸ ਨੇ ਬਿਨਾਂ ਕਾਰਨ ਦੱਸੇ ਮੈਨੂੰ ਗੈਰ-ਸੰਵਿਧਾਨਕ ਤਰੀਕੇ ਨਾਲ ਵਿਰੋਧੀ ਧਿਰ ਦੇ ਲੀਡਰ ਤੋਂ ਹਟਾਇਆ, ਜਿਵੇਂ ਕਿਸੇ ਵੇਲੇ ਛੋਟੇਪੁਰ, ਡਾ. ਗਾਂਧੀ, ਗੁਰਪ੍ਰੀਤ ਘੁੱਗੀ ਆਦਿ ਨੂੰ ਵਰਤ ਕੇ ਬਾਹਰ ਸੁੱਟਿਆ ਸੀ। ਇਸ ਦੇ ਨਾਲ-ਨਾਲ ਮੇਰੇ ਹਲਕਾ ਭੁਲੱਥ ਦੇ ਲੋਕ ਵੀ ਚਾਹੁੰਦੇ ਸਨ ਕਿ ਮੈਂ ਦੁਬਾਰਾ ਕਾਂਗਰਸ ਵਿੱਚ ਸ਼ਾਮਿਲ ਹੋਵਾਂ ਤਾਂ ਕਿ ਪੰਜਾਬ ਵਿਰੋਧੀ ਪਾਰਟੀਆਂ ਨੂੰ ਜਵਾਬ ਦਿੱਤਾ ਜਾ ਸਕੇ’।
ਖਹਿਰਾ ਨੇ ਕਿਹਾ ਕਿ ‘ਮੈਂ ਦਿਲੋਂ ਕਹਿਣਾ ਚਾਹੁੰਦਾ ਹਾਂ ਕਿ ਹੋ ਸਕਦਾ ਹੈ ਕਿ ਮੇਰੇ ਵੱਲੋਂ ਲਏ ਗਏ ਕੁੱਝ ਸਿਆਸੀ ਫੈਸਲੇ ਸ਼ਾਇਦ ਠੀਕ ਨਾ ਹੋਣ ਪਰ ਇੱਕ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਕਦੇ ਵੀ ਆਪਣੇ ਸੂਬੇ ਅਤੇ ਆਪਣੇ ਲੋਕਾਂ ਪ੍ਰਤੀ ਮਨ ਵਿੱਚ ਕੋਈ ਬੇਇਮਾਨੀ ਨਹੀਂ ਰੱਖੀ ਅਤੇ ਨਾ ਹੀ ਕਿਸੇ ਨਾਲ ਕੋਈ ਧੋਖਾਧੜੀ ਕੀਤੀ ਹੈ। ਮੈਂ ਪ੍ਰਣ ਕਰਦਾ ਹਾਂ ਕਿ ਮੈਂ ਚਾਹੇ ਕਿਸੇ ਵੀ ਧਿਰ ਨਾਲ ਰਹਾਂ, ਮੈਂ ਹਮੇਸ਼ਾ ਆਪਣੇ ਸੂਬੇ ਪੰਜਾਬ ਅਤੇ ਲੋਕਾਂ ਪ੍ਰਤੀ ਸੱਚੇ ਦਿਲੋਂ ਇਮਾਨਦਾਰੀ ਨਾਲ ਸਮਰਪਿਤ ਰਹਾਂਗਾ ਅਤੇ ਪਹਿਲਾਂ ਵਾਂਗ ਨਿਡਰਤਾ ਨਾਲ ਲੋਕ ਹਿੱਤ ਵਿੱਚ ਆਪਣੀ ਅਵਾਜ਼ ਬੁਲੰਦ ਕਰਦਾ ਰਹਾਂਗਾ’।
ਖਹਿਰਾ ਨੇ ਕਿਹਾ ਕਿ ‘ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਸਥਿਤੀ ਨੂੰ ਸਮਝੋਗੇ ਅਤੇ ਮੈਂ ਉਹਨਾਂ ਸਾਰਿਆਂ ਤੋਂ ਮੁਆਫੀ ਮੰਗਣ ਵਿੱਚ ਸੰਕੋਚ ਵੀ ਨਹੀਂ ਕਰਾਂਗਾ, ਜਿਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਮੈਂ ਫੈਸਲਾ ਨਹੀਂ ਲਿਆ। ਇੰਨੇ ਸਾਲ ਮੇਰਾ ਡੱਟ ਕੇ ਸਮਰਥਨ ਕਰਨ ਲਈ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਭਵਿੱਖ ਵਿੱਚ ਵੀ ਮੇਰਾ ਸਾਥ ਇਸ ਤਰ੍ਹਾਂ ਹੀ ਦਿੰਦੇ ਰਹੋਗੇ’।