Punjab

ਪੰਜਾਬ ਸਰਕਾਰ ਦਿੱਲੀ ਬੈਠੀ, ਭਗਵੰਤ ਮਾਨ ਨੇ ਪਿੱਛੇ ਰਹਿ ਗਏ ਲੋਕਾਂ ਦਾ ਦੱਸਿਆ ਹਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਵੱਲੋਂ ਦਿੱਲੀ ਵਿੱਚ ਤਿੰਨ ਮੈਂਬਰੀ ਕਮੇਟੀ ਦੇ ਨਾਲ ਕੀਤੀ ਜਾ ਰਹੀ ਮੀਟਿੰਗ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਾਰੀ ਪੰਜਾਬ ਸਰਕਾਰ ਦਿੱਲੀ ਬੈਠੀ ਹੈ। ਸਰਕਾਰ ਆਪਣੀ ਹਾਈਕਮਾਂਡ ਦੇ ਬੁਲਾਵੇ ‘ਤੇ ਦਿੱਲੀ ਬੈਠੀ ਹੈ’।

ਖੁਸ਼ ਹੋਣ ਦੇ ਦੱਸੇ 3 ਕਾਰਨ

ਉਨ੍ਹਾਂ ਕਿਹਾ ਕਿ ‘ਮੈਨੂੰ ਬਹੁਤ ਖੁਸ਼ੀ ਹੁੰਦੀ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਵਾਉਣ ਲਈ ਦਿੱਲੀ ਜਾਂਦੀ। 6 ਮਹੀਨਿਆਂ ਤੋਂ ਕਿਸਾਨ ਦਿੱਲੀ ਬੈਠੇ ਹਨ। ਮੈਨੂੰ ਖੁਸ਼ੀ ਹੁੰਦੀ ਜੇ ਕਾਂਗਰਸ ਦੇ ਕੈਬਨਿਟ ਮੰਤਰੀ, ਵਿਧਾਇਕ ਦਿੱਲੀ ਜਾ ਕੇ ਹਾਈਕਮਾਂਡ ਨੂੰ ਕਹਿੰਦੇ ਕਿ ਮੋਦੀ ਸਰਕਾਰ ਨਾਲ ਗੱਲ ਕਰਕੇ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਇਹ ਦਿੱਲੀ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਜਾਂ ਨਵੀਆਂ ਕੁਰਸੀਆਂ ਡਾਹੁਣ ਵਾਸਤੇ ਗਏ ਹਨ। ਮੈਨੂੰ ਖੁਸ਼ੀ ਹੁੰਦੀ ਜੇ ਪੰਜਾਬ ਸਰਕਾਰ ਦਿੱਲੀ ਸੂਬੇ ਲਈ ਕਰੋਨਾ ਵੈਕਸੀਨ, ਵੈਂਟੀਲੇਟਰ, ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰਨ ਵਾਸਤੇ ਜਾਂਦੀ। 17 ਜ਼ਿਲ੍ਹਿਆਂ ਵਿੱਚ ਕੋਈ ਬੈੱਡ ਨਹੀਂ ਹੈ। ਪੰਜਾਬ ਸਰਕਾਰ ਨੇ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ’।

ਕਰੋਨਾ ਸਥਿਤੀ ‘ਤੇ ਕੈਪਟਨ ਸਰਕਾਰ ‘ਤੇ ਕੱਸੇ ਨਿਸ਼ਾਨੇ

ਭਗਵੰਤ ਮਾਨ ਨੇ ਕਿਹਾ ਕਿ ‘ਕੈਪਟਨ ਨੇ ਪਿੰਡਾਂ ਵਿੱਚ ਕਹਿ ਤਾਂ ਦਿੱਤਾ ਹੈ ਕਿ ਜਿਹੜਾ ਪਿੰਡ 100 ਫੀਸਦ ਵੈਕਸੀਨੇਸ਼ਨ ਕਰਵਾਏਗਾ, ਉਸ ਪਿੰਡ ਨੂੰ ਉਹ 10 ਲੱਖ ਰੁਪਏ ਗਰਾਂਟ ਦੇਣਗੇ ਪਰ ਉਹ ਟੀਕੇ ਮਿਲਦੇ ਕਿੱਥੋਂ ਹਨ। ਕੀ ਲੋਕ ਟੀਕੇ ਹੁਣ ਘਰ ਬਣਾ ਲੈਣ। ਟੀਕੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਤਾਂ ਟੀਕੇ ਵੈਸੇ ਈ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਡਿਸਪੈਂਸਰੀਆਂ ਬੰਦ ਪਈਆਂ ਹਨ। ਮੁਲਾਜ਼ਮ ਹੜਤਾਲ ਕਰ ਰਹੇ ਹਨ, ਕਿਸਾਨ ਰਾਜਿਆਂ ਦੇ ਮਹਿਲ ਘੇਰ ਰਹੇ ਹਨ’।

ਪੰਜਾਬ ‘ਚ ਬਿਜਲੀ ਸਸਤੀ ਹੋਣ ‘ਤੇ ਕੱਸਿਆ ਤੰਜ

ਭਗਵੰਤ ਮਾਨ ਨੇ ਪੰਜਾਬ ਵਿੱਚ ਸਸਤੀ ਬਿਜਲੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਾਢੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਲਗਭਗ 10 ਵਾਰ ਬਿਜਲੀ ਦੀਆਂ ਕੀਮਤਾਂ ਵਧਾ ਕੇ 10 ਰੁਪਏ ਪ੍ਰਤੀ ਯੂਨਿਟ ਕੀਮਤ ਕਰਕੇ ਦੇਸ਼ ਵਿੱਚ ਸਭ ਤੋਂ ਵੱਧ ਕੀਮਤ ‘ਤੇ ਲੈ ਗਈ। ਉਸ ਤੋਂ ਬਾਅਦ ਪੰਜਾਬ ਸਰਕਾਰ ਕਹਿੰਦੀ ਹੈ ਕਿ 50 ਪੈਸੇ ਬਿਜਲੀ ਦੀ ਕੀਮਤ ਘਟਾ ਦਿੱਤੀ ਹੈ। ਉਹ ਵੀ ਸਿਰਫ ਚਾਰ ਮਹੀਨਿਆਂ ਲਈ ਹੀ ਘਟਾਈ ਹੈ। ਇਹ ਪੰਜਾਬ ਸਰਕਾਰ ਦਾ ਲਾਲੀਪਾਪ ਹੈ। ਟਿਊਬਵੈੱਲਾਂ ਦੀ ਬਿਜਲੀ ਦੀ ਕੀਮਤ ਡੇਢ ਰੁਪਏ ਯੂਨਿਟ ਵਧਾ ਦਿੱਤੀ ਹੈ’।

ਕੈਪਟਨ ਸਰਕਾਰ ਨੂੰ ਯਾਦ ਕਰਵਾਇਆ ਪੁਰਾਣਾ ਵਾਅਦਾ

ਉਨ੍ਹਾਂ ਕਿਹਾ ਕਿ ‘ਪੰਜਾਬ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਹਤ ਮਹਿਕਮੇ ਵਿੱਚੋਂ ਨੌਕਰੀਆਂ ਕੱਟ ਦਿੱਤੀਆਂ, ਕਿੰਨੀਆਂ ਹੀ ਅਸਾਮੀਆਂ ਖਤਮ ਕਰ ਦਿੱਤੀਆਂ। ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਹਿਬਲ ਕਲਾ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਵਿੱਚ ਇਨਸਾਫ ਦਿਵਾਉਣ ਲਈ ਜੋ ਸਹੁੰ ਖਾਧੀ ਸੀ, ਉਹ ਵੀ ਸਾਢੇ ਚਾਰ ਸਾਲਾਂ ਵਿੱਚ ਦੂਸਰੇ ਪਾਸੇ ਚਲੇ ਗਈ, ਉਹ ਵੀ ਝੂਠੀ ਸਾਬਿਤ ਹੋ ਗਈ’।

ਸੁਖਬੀਰ ਬਾਦਲ ‘ਤੇ ਵੀ ਕੱਸਿਆ ਨਿਸ਼ਾਨਾ

ਭਗਵੰਤ ਮਾਨ ਨੇ ਕਿਹਾ ਕਿ ‘ਸੁਖਬੀਰ ਬਾਦਲ ਕਹਿ ਰਹੇ ਹਨ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਾਰੀਆਂ ਬੱਸਾਂ ਵਿੱਚ ਔਰਤਾਂ ਲਈ ਸਫਰ ਮੁਫਤ ਕਰ ਦਿਆਂਗੇ। ਮੈਂ ਉਨ੍ਹਾਂ ਨੂੰ ਕਹਾਂਗਾ ਕਿ ਹਜ਼ਾਰ ਬੱਸਾਂ ਤਾਂ ਤੁਹਾਡੀਆਂ ਹੀ ਚੱਲ ਰਹੀਆਂ ਹਨ, ਉਨ੍ਹਾਂ ਵਿੱਚ ਸਫਰ ਮੁਫਤ ਕਰੋ। ਇੱਕ ਵਾਰ ਅਸੀਂ ਸਫਰ ਮੁਫਤ ਕਰਨ ਦਾ ਟ੍ਰਾਇਲ ਕਰਕੇ ਵੇਖ ਲਈਏ’।