Punjab

15 ਤੋਂ 20 ਹਜ਼ਾਰ ਆਬਾਦੀ ਵਾਲੇ ਪਿੰਡ ਦੇ ਸਰਪੰਚ ਦਾ ਪ੍ਰਵਾਸੀ ਮਜ਼ਦੂਰਾਂ ਦੇ ਲਈ ਤੁਗਲਕੀ ਫਰਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਵਿੱਚ ਪਿੰਡ ਸਾਹਨੀ ਖੁਰਦ ਦੀ ਔਰਤ ਸਰਪੰਚ ਨੇ ਵਿਵਾਦਿਤ ਬਿਆਨ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਸਸਕਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕ ਪ੍ਰਵਾਸੀ ਪਰਿਵਾਰ ਨੂੰ ਦੂਜੇ ਪਿੰਡ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਨੂੰ ਲਿਜਾ ਕੇ ਸਸਕਾਰ ਕਰਨਾ ਪਿਆ ਹੈ।  ਸਰਪੰਚ ਨੇ ਆਪਣੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਇਹ ਕਦਮ ਚੁੱਕਿਆ ਗਿਆ ਹੈ। ਸਰਪੰਚ ਦੇ ਪਤੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਪਿੰਡ ਵਿੱਚ 15 ਤੋਂ 20 ਹਜ਼ਾਰ ਲੋਕ ਕਿਰਾਏ ‘ਤੇ ਰਹਿੰਦੇ ਹਨ, ਜਿਨ੍ਹਾਂ ਵਿੱਚ ਪੰਜਾਬੀ ਵੀ ਹਨ ਅਤੇ ਪ੍ਰਵਾਸੀ ਮਜ਼ਦੂਰ ਹਨ।

ਜਾਣਕਾਰੀ ਮੁਤਾਬਕ ਉਕਤ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣ ‘ਤੇ ਉਸਦਾ ਸਸਕਾਰ ਕਰਨ ਲਈ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਸਰਪੰਚ ਨੂੰ ਇਹ ਵੀ ਦੱਸਿਆ ਸੀ ਕਿ ਉਸਦੇ ਮੈਂਬਰ ਦੀ ਕਰੋਨਾ ਕਰਕੇ ਨਹੀਂ ਹੋਈ ਹੈ ਅਤੇ ਉਨ੍ਹਾਂ ਨੇ ਕਰੋਨਾ ਨੈਗੇਟਿਵ ਰਿਪੋਰਟ ਵੀ ਸਰਪੰਚ ਨੂੰ ਦਿਖਾਈ ਸੀ ਪਰ ਫਿਰ ਵੀ ਸਰਪੰਚ ਨੇ ਉਨ੍ਹਾਂ ਨੂੰ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ।