Punjab

ਕੈਪਟਨ ਨੇ ਕਰੋਨਾ ਵਲੰਟੀਅਰਸ ਨੂੰ ਦਿੱਤਾ 3Ts ਫਾਰਮੂਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਮੁਕਤ ਪੰਜਾਬ ਬਣਾਉਣ ਲਈ ਮਿਸ਼ਨ ਫਤਿਹ 2.0 ਬਾਰੇ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਭਰ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕੈਪਟਨ ਨੇ ਕਿਹਾ ਕਿ ‘ਮਿਸ਼ਨ ਫਤਿਹ 1 ਵਿੱਚ ਵੀ ਨੌਜਵਾਨਾਂ ਨੇ ਸਰਕਾਰ ਦਾ ਬਹੁਤ ਸਾਥ ਦਿੱਤਾ। ਮਿਸ਼ਨ 1 ਵਿੱਚ ਕਰੀਬ 2 ਲੱਖ ਐੱਨਐੱਸਐੱਸ ਵਲੰਟੀਅਰ, 13 ਹਜ਼ਾਰ 857 ਪਿੰਡਾਂ ਦੇ ਕਲੱਬ, 350 ਕਾਲਜ, ਸਕੂਲ ਯੂਥ ਕਲੱਬ ਅਤੇ ਐੱਨਸੀਸੀ ਵਲੰਟੀਅਰਾਂ ਨੇ ਹਿੱਸਾ ਪਾਇਆ ਸੀ। ਸਾਨੂੰ ਡਾਕਟਰ ਜੋ ਸਿਹਤ ਸਬੰਧੀ ਹਦਾਇਤਾਂ ਜਾਰੀ ਕਰਦੇ ਹਨ, ਉਨ੍ਹਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਕਰੋਨਾ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਮਾਸਕ ਪਾਉਣਾ, ਹੱਥਾਂ ਨੂੰ ਸੈਨੇਟਾਈਜ਼ ਕਰਨਾ, ਸਮਾਜਿਕ ਦੂਰੀ ਦਾ ਧਿਆਨ ਰੱਖਣਾ, ਆਦਿ’।

ਕੈਪਟਨ ਨੇ ਕਿਹਾ ਕਿ ‘ਉਸ ਤੋਂ ਬਾਅਦ ਵੈਕਸੀਨੇਸ਼ਨ ਡਰਾਈਵ ਹਨ। ਕਰੋਨਾ ਦੀ ਪਹਿਲੀ ਲਹਿਰ ਵਿੱਚ ਸ਼ਹਿਰਾਂ ਵਿੱਚ ਕਰੋਨਾ ਦੇ ਕੇਸ ਜ਼ਿਆਦਾ ਸਨ ਪਰ ਇਸ ਵਾਰ ਪਿੰਡਾਂ ਵਿੱਚ ਕਰੋਨਾ ਜ਼ਿਆਦਾ ਫੈਲ ਰਿਹਾ ਹੈ। ਕੈਪਟਨ ਨੇ ਨੌਜਵਾਨਾਂ ਨੂੰ ਪਿੰਡਾਂ, ਸ਼ਹਿਰਾਂ ਵਿੱਚ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਕੈਪਟਨ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਘੁੰਮੋ, ਲੋਕਾਂ ਨੂੰ ਦੱਸੋ ਕਿ ਸਰਕਾਰ ਨੇ ਜੋ ਹੈਲਪਲਾਈਨਜ਼ ਦਿੱਤੀਆਂ ਹੋਈਆਂ ਹਨ, ਉਨ੍ਹਾਂ ਨੂੰ ਵਰਤੋਂ। ਕਈ ਬਜ਼ੁਰਗਾਂ, ਲੋਕਾਂ ਨੂੰ ਇਨ੍ਹਾਂ ਬਾਰੇ ਨਹੀਂ ਪਤਾ ਹੁੰਦਾ, ਇਸ ਲਈ ਤੁਸੀਂ ਉਨ੍ਹਾਂ ਨੂੰ ਸਮਝਾਉ’।

ਕੈਪਟਨ ਨੇ ਕਿਹਾ ਕਿ ‘ਪਹਿਲਾਂ ਕੇਂਦਰ ਸਰਕਾਰ ਸਾਨੂੰ ਰੋਜ਼ਾਨਾ 2 ਲੱਖ ਵੈਕਸੀਨ ਦਿੰਦੀ ਸੀ ਪਰ ਉਦੋਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ। ਉਦੋਂ ਸਿਰਫ 90 ਹਜ਼ਾਰ ਲੋਕਾਂ ਨੇ ਵੈਕਸੀਨੇਸ਼ਨ ਕਰਵਾਈ ਸੀ ਅਤੇ ਬਾਕੀ ਵੈਕਸੀਨ ਖਰਾਬ ਹੋ ਗਈਆਂ ਸਨ। ਪਰ ਹੁਣ ਸਾਰੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਵੈਕਸੀਨ ਲੱਗੇ ਪਰ ਹੁਣ ਪੂਰੀ ਦੁਨੀਆ ਵਿੱਚ ਵੈਕਸੀਨ ਦੀ ਕਮੀ ਹੋ ਗਈ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਦੇ ਕੇਸ ਬੇਸ਼ੱਕ ਥੋੜ੍ਹੇ ਘੱਟ ਰਹੇ ਹਨ ਪਰ ਫਿਰ ਵੀ ਸਾਨੂੰ ਕਰੋਨਾ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਕਿ ਕਰੋਨਾ ਦੀ ਤੀਜੀ ਲਹਿਰ ਨੂੰ ਆਉਣ ਤੋਂ ਰੋਕਿਆ ਜਾ ਸਕੇ’।

ਕੈਪਟਨ ਨੇ ਕਰੋਨਾ ਦੀ ਰੋਕਥਾਮ ਲਈ ਦਿੱਤੇ ਸੁਝਾਅ

  • ਕੈਪਟਨ ਨੇ ਖੇਡ ਅਤੇ ਯੂਥ ਮਾਮਲੇ ਵਿਭਾਗ (Sports and Youth Affairs Ministry) ਨੂੰ ਪੇਂਡੂ ਕਰੋਨਾ ਵਲੰਟੀਅਰਸ ਦਾ 7 ਮੈਂਬਰੀ ਗਰੁੱਪ ਹਰ ਪਿੰਡ ਵਿੱਚ ਬਣਾਉਣ ਦੇ ਹੁਕਮ ਦਿੱਤੇ ਹਨ। ਇਹ 7 ਮੈਂਬਰੀ ਗਰੁੱਪ ਪਿੰਡਾਂ ਵਿੱਚ ਘੁੰਮਣਗੇ ਅਤੇ ਲੋਕਾਂ ਨੂੰ ਕਰੋਨਾ ਵੈਕਸੀਨੇਸ਼ਨ ਪ੍ਰਤੀ ਜਾਗਰੂਕ ਕਰੇ।
  • ਮੌਜੂਦਾ ਕਲੱਬਾਂ ਨੂੰ ਵੀ ਕਰੋਨਾ ਵਲੰਟੀਅਰਸ ਬਣਾਇਆ ਜਾ ਸਕਦਾ ਹੈ।
  • ਇਹ ਗਰੁੱਪ ਕਰੋਨਾ ਪਾਜ਼ੀਟਿਵ ਪਾਏ ਗਏ ਵਿਅਕਤੀ ਨੂੰ ਟਰੇਸ ਕਰੇ। ਕਰੋਨਾ ਪਾਜ਼ੀਟਿਵ ਮਰੀਜ਼ ਕਿਸਨੂੰ ਮਿਲਿਆ, ਉਸ ਬਾਰੇ ਵੀ ਧਿਆਨ ਰੱਖਿਆ ਜਾਵੇ।
  • ਕੈਪਟਨ ਨੇ ਵਲੰਟੀਅਰਸ ਨੂੰ ਕੋਵਿਡ ਪਾਜ਼ੀਟਿਵ ਮਰੀਜ਼ਾਂ ਲਈ 3Ts ਦਾ ਫਾਰਮੂਲਾ ਦੱਸਿਆ। ਇਸਦਾ ਮਤਲਬ ਹੈ ਕਿ ਸ਼ੱਕੀ ਵਿਅਕਤੀ ਦਾ ਟੈਸਟ, ਟਰੇਸ ਅਤੇ ਟਰੀਟ ਕੀਤਾ ਜਾਵੇ।
  • ਪੇਂਡੂ ਕਰੋਨਾ ਵਲੰਟੀਅਰਸ ਦਾ 7 ਮੈਂਬਰੀ ਗਰੁੱਪ ਨੂੰ 12 ਅਗਸਤ ਨੂੰ ਸਪੋਰਟਸ ਕਿੱਟ ਦਿੱਤੀ ਜਾਵੇਗੀ, ਤਾਂ ਜੋ ਉਹ ਕਰੋਨਾ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਆਪਣੀਆਂ ਖੇਡਾਂ ਵੱਲ ਵੀ ਧਿਆਨ ਦੇ ਸਕਣ। ਯੂਥ ਮਾਮਲੇ ਵਿਭਾਗ  (Youth Affairs Ministry) ਨੂੰ 15 ਹਜ਼ਾਰ ਕਿੱਟਾਂ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ।
  • ਹੈਲਪਲਾਈਨ ਨੰਬਰ ਦਿੱਤੇ ਹੋਏ ਹਨ, ਦਵਾਈ ਦੀ ਕੋਈ ਕਮੀ ਨਹੀਂ ਹੈ। ਕਿਸੇ ਨੂੰ ਜੇ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਸਨੂੰ ਫਤਿਹ ਕਿੱਟ ਦਿੱਤੀ ਜਾਂਦੀ ਹੈ।
  • 7 ਮੈਂਬਰੀ ਗਰੁੱਪ ਲੋਕਾਂ ਨੂੰ ਫਤਿਹ ਕਿੱਟਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ, ਉਸ ਬਾਰੇ ਸਮਝਾਏਗਾ।
  • ਗਰੀਬ, ਦਿਹਾੜੀਦਾਰ ਜੋ ਕਰੋਨਾ ਕਰਕੇ ਇਕਾਂਤਵਾਸ ਹੋਏ ਹਨ, ਉਨ੍ਹਾਂ ਨੂੰ ਅਸੀਂ ਫੂਡ ਬੈਗਸ ਦੇਣੇ ਸ਼ੁਰੂ ਕੀਤੇ ਹਨ। ਹਰ ਫੂਡ ਬੈਗ ਵਿੱਚ ਆਟਾ, ਛੋਲੇ ਅਤੇ ਖੰਡ ਦਿੱਤੀ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਇਹ ਫੂਡ ਬੈਗ ਦਿੱਤੇ ਜਾਂਦੇ।
  • ਕੈਪਟਨ ਨੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਠੀਕਰੀ ਪਹਿਰੇ ਦੇਣ ‘ਤੇ ਇੱਕ ਵਾਰ ਫਿਰ ਜ਼ੋਰ ਦਿੱਤਾ।
  • ਕੈਪਟਨ ਨੇ 7 ਮੈਂਬਰੀ ਗਰੁੱਪ ਨੂੰ ਕਰੋਨਾ ਪ੍ਰਤੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਘੱਟ ਕਰਨ ਦੇ ਹੁਕਮ ਦਿੱਤੇ ਹਨ। ਭਾਵ ਕੈਪਟਨ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਇਨ੍ਹਾਂ ਅਫਵਾਹਾਂ ਤੋਂ ਸੁਚੇਤ ਕਰਨ।
  • ਕੈਪਟਨ ਨੇ ਕਰੋਨਾ ਵਲੰਟੀਅਰਸ ਨੂੰ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਏ ਜਾਣ ਪ੍ਰਤੀ ਜਾਗਰੂਕ ਕਰਨ ਲਈ ਬੈਚ ਲਗਾਉਣ ਲਈ ਵੀ ਕਿਹਾ ਹੈ।
  • ਕੈਪਟਨ ਨੇ ਲੋਕਾਂ ਨੂੰ ਆਪਣੇ ਵਹੀਕਲਾਂ ‘ਤੇ ਮਿਸ਼ਨ ਫਤਿਹ ਦੇ ਸਟਿੱਕਰ ਲਗਾਉਣ ਲਈ ਵੀ ਕਿਹਾ ਹੈ। ਇਸ ਪਿੱਛੇ ਕੈਪਟਨ ਨੇ ਦਲੀਲ ਦਿੰਦਿਆਂ ਕਿਹਾ ਕਿ ਇਸ ਨਾਲ ਦੂਸਰੇ ਲੋਕ ਵੀ ਤੁਹਾਡੇ ਵੱਲ ਵੇਖ ਕੇ ਕਰੋਨਾ ਵੈਕਸੀਨ ਲਗਵਾਉਣ ਲਈ ਜਾਗਰੂਕ ਹੋਣਗੇ। ਇਹ ਸਿਰਫ ਇੱਕ ਕਿਸਮ ਦੀ ਪ੍ਰਮੋਸ਼ਨ ਸਰਗਰਮੀ (Activity) ਹੈ।
  • ਕੈਪਟਨ ਨੇ ਕਿਹਾ ਕਿ ਅੱਜ ਕਰੀਬ 1 ਲੱਖ ਬੈਚ ਅਤੇ 4 ਲੱਖ ਕਾਰ ਸਟਿੱਕਰ ਜ਼ਿਲ੍ਹਿਆਂ ਵਿੱਚ ਭੇਜੇ ਗਏ ਹਨ। ਇਸਦੀ ਅੱਜ ਤੋਂ ਸ਼ੁਰੂਆਤ ਕੀਤੀ ਜਾਵੇਗੀ।