‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਦਾਕਾਰ ਅਮਿਤਾਭ ਬੱਚਨ ਵੱਲੋਂ ਲਏ ਗਏ ਪੈਸਿਆਂ ਦੇ ਮਾਮਲੇ ‘ਤੇ ਮੁੜ ਬੋਲਦਿਆਂ ਕਿਹਾ ਕਿ ‘ਦੋ-ਤਿੰਨ ਬੁੱਧੀਜੀਵੀ ਕਹਿ ਰਹੇ ਹਨ ਕਿ ਅਮਿਤਾਭ ਬੱਚਨ ਵੱਲੋਂ ਪੈਸੇ ਲੈਣਾ ਕੋਈ ਮਾੜਾ ਨਹੀਂ ਹੈ ਕਿਉਂਕਿ ਉਸਨੇ ਤਾਂ ਦਾਨ ਦਿੱਤਾ ਹੈ। ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਇਹ ਰਵਾਇਤਾਂ ਗਲਤ ਪੈ ਰਹੀਆਂ ਹਨ। ਜੋ ਬੰਦਾ ਪੰਥ ਦਾ ਦੋਸ਼ੀ ਹੈ, ਉਸਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਸਿਰਸਾ ਨੂੰ ਅਮਿਤਾਭ ਬੱਚਨ ਕੋਲੋਂ ਪੈਸੇ ਲੈਂਦਿਆਂ ਸ਼ਰਮ ਨਹੀਂ ਆਈ, ਸਿਰਸਾ ਨੇ ਸਿੱਖ ਰਵਾਇਤਾਂ ਦੇ ਉਲਟ ਕੰਮ ਕਰ ਦਿੱਤਾ ਹੈ। ਸਿਰਸਾ ਪੈਸੇ ਲੈਣ ਦੀ ਨਵੀਂ ਰਵਾਇਤ ਪਾ ਰਿਹਾ ਹੈ। ਜਥੇਦਾਰ ਰਣਜੀਤ ਸਿੰਘ ਨੇ ਸਿਰਸਾ ਨੂੰ ਅਮਿਤਾਭ ਬੱਚਨ ਵੱਲੋਂ ਲਏ ਗਏ ਪੈਸੇ ਵਾਪਸ ਮੋੜਨ ਦੀ ਸਖਤ ਤਾੜਨਾ ਕੀਤੀ ਹੈ।
ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ‘ਇਹ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਆ ਰਿਹਾ ਹੈ। ਇਸ ਲਈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੈਠੇ ਗ੍ਰੰਥੀ ਸਿੰਘਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਕਿਤੇ ਦੂਸਰਾ ਰਾਮ ਰਹੀਮ ਨਾ ਬਣਾ ਦਿਉ। ਤੁਹਾਡੇ ਨਾਲ ਗੁਰੂ ਨੇ ਨਿਭਣਾ ਹੈ, ਬਾਦਲ ਨੇ ਨਹੀਂ ਨਿਭਣਾ। ਬਾਦਲ ਗੁਰੂ ਘਰ ਦਾ ਦੋਸ਼ੀ ਹੈ। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਜਥੇਦਾਰ ਕਿਤੇ ਅਮਿਤਾਭ ਬੱਚਨ ਨੂੰ ਮੁਆਫੀ ਨਾ ਦੇ ਦੇਣ’।
ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ‘1984 ਸਿੱਖ ਕਤਲੇਆਮ ਵਿੱਚ ਅਮਿਤਾਭ ਬੱਚਨ ਦਾ ਸਿੱਖਾਂ ਪ੍ਰਤੀ ਰੋਲ ਠੀਕ ਨਹੀਂ ਸੀ। ਜੋ ਦਾਨ ਅਮਿਤਾਭ ਬੱਚਨ ਨੇ ਹੁਣ ਕੀਤਾ ਹੈ, 1984 ਵਿੱਚ ਉਦੋਂ ਸਿੱਖਾਂ ਨੂੰ ਉਸਦੀ ਜ਼ਿਆਦਾ ਲੋੜ ਸੀ। ਸਿੱਖਾਂ ਨੂੰ ਸਰਦੀਆਂ ਵਿੱਚ ਕੰਬਲਾਂ ਦੀ ਲੋੜ ਸੀ, ਸੁਰੱਖਿਆ ਦੀ ਲੋੜ ਸੀ। ਅੱਜ ਕਰੋਨਾ ਸਿਰਫ ਸਿੱਖਾਂ ‘ਤੇ ਹੀ ਨਹੀਂ ਆਇਆ, ਸਗੋਂ ਸਿੱਖ ਤਾਂ ਪੂਰੀ ਦੁਨੀਆ ਵਿੱਚ ਦਾਨ ਕਰ ਰਹੇ ਹਨ। ਇਸ ਲਈ ਅਮਿਤਾਭ ਬੱਚਨ ਦੀ ਕਰੋਨਾ ਹਾਲਾਤਾਂ ਵਿੱਚ ਇਸ ਰਾਸ਼ੀ ਦੀ ਸਿੱਖਾਂ ਨੂੰ ਲੋੜ ਨਹੀਂ ਹੈ। ਅਮਿਤਾਭ ਬੱਚਨ ਮੁੰਬਈ ਵਿੱਚ ਕਰੋਨਾ ਹਾਲਾਤਾਂ ‘ਤੇ ਧਿਆਨ ਦੇਣ’।