India Punjab

ਪੰਜਾਬ ਦੇ ਹਿੱਸੇ ਦੀ ਆਕਸੀਜਨ ਦਾ ਤਿੰਨ ਸੂਬੇ ਕਰ ਰਹੇ ਹਨ ਹਾਈਜੈਕ, ਕੈਪਟਨ ਦੀ ਮੋਦੀ ਨੂੰ ਸ਼ਿਕਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿੱਚ ਕਰੋਨਾ ਵੈਕਸੀਨ ਦੀ ਕੀਮਤ ਨੂੰ ਲੈ ਕੇ, ਪੂਰੀ ਵੈਕਸੀਨ ਪਾਲਿਸੀ ਨੂੰ ਲੈ ਕੇ ਸਵਾਲ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਵੈਕਸੀਨ ਪਾਲਿਸੀ ਵਿੱਚ ਸੂਬਿਆਂ ਨਾਲ ਧੱਕਾ ਹੋ ਰਿਹਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਇੱਕ ਹਜ਼ਾਰ ਕਰੋੜ ਤੋਂ ਵੱਧ ਵੈਕਸੀਨ ਦੀ ਲੋੜ ਪਵੇਗੀ। ਇਸ ਲਈ ਵੈਕਸੀਨ ਖਰੀਦਣ ਲਈ ਕੇਂਦਰ ਸਰਕਾਰ ਫੰਡਿੰਗ ਦੇਵੇ। ਅੱਜ ਮੋਦੀ ਨੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰੋਨਾ ਸਬੰਧੀ ਇੱਕ ਮੀਟਿੰਗ ਕੀਤੀ ਸੀ।

ਕੈਪਟਨ ਦੀਆਂ ਵੀਡਿਓ ਕਾਨਫਰੰਸਿੰਗ ਦੌਰਾਨ ਖਾਸ ਗੱਲਾਂ

  • ਕੈਪਟਨ ਨੇ 18 ਸਾਲ ਤੋਂ ਵੱਧ ਉਮਰ ਵਰਗ ਲਈ ਬਣਾਈ ਨਵੀਂ ਟੀਕਾਕਰਨ ਨੀਤੀ ਨੂੰ ਸੂਬਿਆਂ ਲਈ ਪੱਖਪਾਤੀ ਕਰਾਰ ਦਿੰਦਿਆਂ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਵਰਗ ਲਈ ਸ਼ੁਰੂ ਹੋਣ ਵਾਲੇ ਟੀਕਾਕਰਨ ਲਈ ਕੇਂਦਰ ਸਰਕਾਰ ਅਤੇ ਸੂਬਿਆਂ ਦੀ ਬਰਾਬਰ ਭਾਈਵਾਲੀ ਦੀ ਮੰਗ ਕੀਤੀ ਹੈ।
  • ਕੈਪਟਨ ਨੇ ਢੁੱਕਵੀਂ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਆਕਸੀਜਨ ਦੀ ਮੰਗ ਨੂੰ ਘੱਟ ਤੋਂ ਘੱਟ ਕਰਨ ਲਈ ਸਾਰੇ ਉਪਾਅ ਅਪਣਾਏ ਜਾ ਰਹੇ ਹਨ।
  • ਕੈਪਟਨ ਨੇ ਦੋਸ਼ ਲਾਇਆ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਪੰਜਾਬ ਦੇ ਹਿੱਸੇ ਦੀ ਆਕਸੀਜਨ ਹਾਈਜੈਕ ਕੀਤੀ ਜਾ ਰਹੀ ਹੈ।
  • ਕੈਪਟਨ ਨੇ ਟੀਕਾਕਰਨ ਦੀ ਮੁਹਿੰਮ ਬਾਰੇ ਦੱਸਿਆ ਕਿ ਇੱਕ ਨਿਰਮਾਤਾ ਵੱਲੋਂ ਐਲਾਨੀਆਂ ਗਈਆਂ ਦਰਾਂ ‘ਤੇ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਤੋਂ ਵੱਧ ਲਾਗਤ ਆਵੇਗੀ।
  • ਕੈਪਟਨ ਨੇ ਟੀਕਾਕਰਨ ਲਈ ਕੇਂਦਰ ਸਰਕਾਰ ਦੀ ਫੰਡਿੰਗ ਦੀ ਮੰਗ ਕੀਤੀ ਅਤੇ ਅੰਤਰਿਮ ਤੌਰ ਉੱਤੇ ਐੱਸ.ਡੀ.ਆਰ.ਐੱਫ. ਫੰਡਾਂ ਵਿੱਚੋਂ ਜਾਇਜ਼ ਖਰਚੇ ਕਰਨ ਦੀ ਆਗਿਆ ਦੇਣ ਦੀ ਮੰਗ ਕੀਤੀ।

  • ਕੈਪਟਨ ਨੇ ਕਿਹਾ ਕਿ ਆਖਰੀ ਟੀਕਾਕਰਨ ਬੂਥ ਤੱਕ ਸਪਲਾਈ ਚੇਨ ਜਾਰੀ ਰੱਖਣ ਲਈ ਰੈਗੂਲਰ ਟੀਕਾਕਰਨ ਸਪਲਾਈ ਜ਼ਰੂਰ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਪਲਾਈ ਦੀ ਘਾਟ ਕਾਰਨ ਪਿਛਲੇ ਇੱਕ ਹਫਤੇ ਤੋਂ ਟੀਕਾਕਰਨ ਮੁਹਿੰਮ ਦੀ ਰਫਤਾਰ ਘਟੀ ਹੈ।
  • ਕੈਪਟਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਕੱਲ੍ਹ ਤਾਜ਼ਾ ਸਪਲਾਈ ਮਿਲੀ ਹੈ ਅਤੇ ਟੀਕਾਕਰਨ ਦੀ ਮੰਗ ਵਧਣ ਨਾਲ ਮੌਜੂਦਾ ਸਟਾਕ ਸਿਰਫ ਤਿੰਨ ਦਿਨ ਤੱਕ ਹੀ ਚੱਲੇਗਾ।
  • ਕੈਪਟਨ ਨੇ 1 ਮਈ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਉਪਲੱਬਧ ਕਰਵਾਏ ਜਾ ਰਹੇ ਟੀਕੇ ਦੀ ਮਾਤਰਾ ਬਾਰੇ ਸਪੱਸ਼ਟਤਾ ਦੀ ਘਾਟ ਅਤੇ ਵੱਖ-ਵੱਖ ਸੂਬਿਆਂ ਅਤੇ ਪ੍ਰਾਈਵੇਟ ਖਰੀਦਦਾਰਾਂ ਨੂੰ ਕੀਤੀ ਜਾਣ ਵਾਲੀ ਸਪਲਾਈ ਨੂੰ ਨਿਯਮਤ ਕਰਨ ਸਬੰਧੀ ਚਿੰਤਾ ਜ਼ਾਹਰ ਕੀਤੀ।
  • ਕੈਪਟਨ ਨੇ ਜਾਣਕਾਰੀ ਦਿੱਤੀ ਕਿ 18-45 ਸਾਲ ਉਮਰ ਦੇ ਵਰਗ ਦੇ ਟੀਕਾਕਰਨ ਸਬੰਧੀ ਰਣਨੀਤੀ ਤਿਆਰ ਕਰਨ ਬਾਰੇ ਸਲਾਹ-ਮਸ਼ਵਰੇ ਲਈ ਸੂਬਾ ਸਰਕਾਰ ਵੱਲੋਂ ਵਾਇਰੌਲੋਜਿਸਟ ਡਾ. ਗਗਨਦੀਪ ਕੰਗ ਦੀ ਅਗਵਾਈ ਹੇਠ ਇੱਕ ਮਾਹਿਰਾਂ ਦਾ ਸਮੂਹ ਬਣਾਇਆ ਗਿਆ ਹੈ। ਕੇਂਦਰ ਵੱਲੋਂ ਇਸ ਵਿੱਚ ਸੂਬਿਆਂ ਨੂੰ ਆਪਣੀ ਕੀਮਤ ‘ਤੇ ਟੀਕਾ ਲਗਾਉਣ ਦੀ ਆਗਿਆ ਦਿੱਤੀ ਗਈ ਹੈ।
  • ਕੈਪਟਨ ਨੇ ਰੈਮੇਡੈਸੀਵਰ ਅਤੇ ਟੋਸੀ ਵਰਗੀਆਂ ਦਵਾਈਆਂ ਦੀ ਘਾਟ ਅਤੇ ਕਾਲਾ ਬਾਜ਼ਾਰੀ ਵੱਲ ਵੀ ਇਸ਼ਾਰਾ ਕੀਤਾ।
  • ਕੈਪਟਨ ਨੇ ਸੂਬੇ ਵਿੱਚ ਐਂਟੀ-ਵਾਇਰਲ ਰੈਮੇਡੈਸੀਵਰ ਟੀਕਿਆਂ ਦੀ ਘਾਟ ਅਤੇ ਟੋਸੀ ਟੀਕਿਆਂ ਦੀ ਜ਼ੀਰੋ ਉਪਲੱਬਧਤਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹਸਪਤਾਲ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ ਅਤੇ ਬਦਲਵੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ।
  • ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸੰਸਥਾਵਾਂ ਜਿਵੇਂ ਕਿ ਏਮਜ਼ ਬਠਿੰਡਾ, ਪੀ.ਜੀ.ਆਈ. ਸੈਟੇਲਾਈਟ ਕੇਂਦਰ ਅਤੇ ਪੰਜਾਬ ਵਿਚਲੇ ਮਿਲਟਰੀ ਹਸਪਤਾਲਾਂ ਨੂੰ ਵਾਧੂ ਕੋਵਿਡ ਬੈੱਡ ਮੁਹੱਈਆ ਕਰਾਉਣ ਲਈ ਆਦੇਸ਼ ਦੇਣ ਦੀ ਅਪੀਲ ਕੀਤੀ।
  • ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਵਾਇਰਸ ਦੇ ਬਦਲ ਰਹੇ ਰੂਪ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਵਧਾਉਣ ਅਤੇ ਇਨ੍ਹਾਂ ਦੇ ਹੱਲ ਲਈ ਸਹੀ ਨੀਤੀਗਤ ਪ੍ਰਤੀਕਿਰਿਆ ਲਈ ਆਦੇਸ਼ ਦੇਣ ਦੀ ਅਪੀਲ ਕੀਤੀ।
  • ਕੈਪਟਨ ਨੇ ਭਾਰਤ ਸਰਕਾਰ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ‘ਤੇ ਸਹਿਮਤੀ ਪ੍ਰਗਟਾਉਣ ਦੀ ਅਪੀਲ ਵੀ ਕੀਤੀ।
  • ਕੈਪਟਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿਚਲੇ ਕੁੱਝ ਉਪਾਵਾਂ ਬਾਰੇ ਦੱਸਿਆ ਅਤੇ ਕਿਹਾ ਕਿ ਵਿਸ਼ੇਸ਼ ਨਿਗਰਾਨ ਟੀਮਾਂ ਨਾਲ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
  • ਕੈਪਟਨ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਲਈ 75 ਫੀਸਦੀ ਬੈੱਡ ਰਾਖਵੇਂ ਰੱਖਣ ਅਤੇ 15 ਮਈ ਤੱਕ ਸਾਰੇ ਚੋਣਵੇਂ ਆਪ੍ਰੇਸ਼ਨਾਂ ਨੂੰ ਮੁਲਤਵੀ ਕਰਨ ਲਈ ਕਿਹਾ ਗਿਆ ਹੈ।  ਸੂਬੇ ਵਿੱਚ ਹਿਮਾਂਚਲ ਪ੍ਰਦੇਸ, ਜੰਮੂ, ਹਰਿਆਣਾ ਅਤੇ ਦਿੱਲੀ ਤੋਂ ਇਲਾਜ ਲਈ ਮਰੀਜ਼ ਆ ਰਹੇ ਹਨ, ਜੋ ਸੰਭਾਵਿਤ ਤੌਰ ‘ਤੇ ਸਥਾਨਕ ਲੋਕਾਂ ਦੇ ਰਿਸ਼ਤੇਦਾਰ ਹਨ।