‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਆਪਣੀ ਲਾਪਤਾ ਧੀ ਦੀ ਰਿਪੋਰਟ ਕਰਨ ਵਾਲੇ ਇੱਕ 45 ਸਾਲਾ ਵਿਅਕਤੀ ਨੇ ਪੁਲੀਸ ਵੱਲੋਂ ਰਿਸ਼ਵਤ ਮੰਗਣ ‘ਤੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ 22 ਸਾਲਾ ਲਾਪਤਾ ਲੜਕੀ ਨੂੰ ਲੱਭਣ ਲਈ ਪੁਲਿਸ ਨੇ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੇ ਸਨ। ਇਸੇ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਆਤਮਹੱਤਿਆ ਕਰ ਲਈ।
ਮ੍ਰਿਤਕ ਸ਼ਿਸ਼ੂਪਾਲ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਇਲਜ਼ਾਮ ਲਾਇਆ ਹੈ ਕਿ ਰਾਮਨਗਰ ਪੁਲੀਸ ਚੌਕੀ ਦੇ ਇੰਚਾਰਜ ਰਾਮ ਰਤਨ ਸਿੰਘ ਨੇ ਉਸ ਕੋਲੋਂ ਪੈਸੇ ਮੰਗੇ ਸਨ। ਮ੍ਰਿਤਕ ਕੋਲ ਪਿਆ ਸੁਸਾਈਡ ਨੋਟ ਬਰਾਮਦ ਕਰਕੇ ਇਸ ਪੁਲਿਸ ਅਧਿਕਾਰੀ ਵੱਲੋਂ ਪਾੜ ਦਿੱਤਾ ਗਿਆ। ਇਸ ਮਗਰੋਂ ਪਿੰਡ ਵਾਸੀਆਂ ਨੇ ਉਸਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਕਿਹਾ ਕਿ ਸਬ-ਇੰਸਪੈਕਰ ’ਤੇ ਲੱਗੇ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਉਸ ‘ਤੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 9 ਅਪਰੈਲ ਨੂੰ ਅਨੋਲਾ ਪੁਲਿਸ ਥਾਣੇ ਵਿੱਚ ਸ਼ਿਸ਼ੂਪਾਲ ਦੀ ਧੀ ਦੇ ਲਾਪਤਾ ਹੋਣ ਸਬੰਧੀ ਇੱਕ ਐੱਫਆਈਆਰ ਵੀ ਦਰਜ ਕੀਤੀ ਗਈ ਸੀ।