‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਡਾਸਨਾ ਵਿੱਚ ਪਾਣੀ ਪੀਣ ‘ਤੇ ਇੱਕ ਮੁਸਲਮਾਨ ਬੱਚੇ ਨੂੰ ਕੁੱਟਣ ਤੋਂ ਬਾਅਦ ਚਰਚਾ ਵਿੱਚ ਆਏ ਹਿੰਦੂ ਮੰਦਰ ਦੇ ਬਾਹਰ ਹੁਣ ਮੁਸਲਮਾਨਾਂ ਦੇ ਦਾਖਲ ਹੋਣ ‘ਤੇ ਰੋਕ ਲਗਾਉਣ ਲਈ ਇੱਕ ਬੋਰਡ ਲਗਾਇਆ ਗਿਆ ਹੈ। ਇਸ ਹਿੰਦੂ ਮੰਦਰ ਦੇ ਨਿਰਮਾਣ ਵਿੱਚ ਮੁਸਲਮਾਨਾਂ ਨੇ ਵੀ ਮਦਦ ਕੀਤੀ ਸੀ।
ਜਾਣਕਾਰੀ ਮੁਤਾਬਕ ਡਾਸਨਾ ਅਤੇ ਮਸੂਰੀ ਦੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਇੱਕ ਸਮੇਂ ਇੱਥੇ ਫਿਰਕੂ ਸਦਭਾਵਨਾ ਦਾ ਮਾਹੌਲ ਸੀ ਅਤੇ ਮੁਸਲਮਾਨਾਂ ਨੇ ਵੀ ਇਸ ਮੰਦਰ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ ਸੀ। ਇਥੋਂ ਦੇ ਮੁਸਲਮਾਨਾਂ ਦਾ ਕਹਿਣਾ ਹੈ ਕਿ 80 ਦਹਾਕਿਆਂ ਵਿੱਚ ਮੰਦਿਰ ਦੇ ਨਿਰਮਾਣ ਵਿੱਚ ਮੁਸਲਮਾਨਾਂ ਨੇ ਵੀ ਵੱਡੇ ਪੱਧਰ ‘ਤੇ ਸਹਿਯੋਗ ਕੀਤਾ ਸੀ। ਡਾਸਨਾ ਨਗਰ ਪੰਚਾਇਤ ਨੇ ਵੀ ਮੰਦਰ ਲਈ 6 ਏਕੜ ਜ਼ਮੀਨ ਦਿੱਤੀ ਸੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ‘ਯਤੀ ਨਰਸਿੰਹਾਂਨੰਦ ਸਰਸਵਤੀ ਦੇ ਮੰਦਰ ਦਾ ਮੁਖੀ ਬਣਨ ਤੋਂ ਬਾਅਦ ਮਾਹੌਲ ਬਦਲ ਗਿਆ। ਪਹਿਲਾਂ ਉਸਨੇ ਮੁਸਲਮਾਨਾਂ ਨੂੰ ਦੁਸ਼ਹਿਰੇ ਦੇ ਮੇਲੇ ਵਿੱਚ ਆਉਣ ਤੋਂ ਰੋਕਿਆ ਅਤੇ ਫਿਰ ਮੰਦਰ ਦੇ ਬਾਹਰ ਮੁਸਲਮਾਨਾਂ ਦੇ ਦਾਖਲੇ ‘ਤੇ ਰੋਕ ਲਗਾਉਣ ਲਈ ਬੋਰਡ ਲਗਾ ਦਿੱਤਾ।
12 ਮਾਰਚ ਨੂੰ ਇਸੇ ਮੰਦਰ ਵਿੱਚ ਪਾਣੀ ਪੀਣ ਗਏ ਇੱਕ ਮੁਸਲਮਾਨ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਵੀਡੀਓ ਵਾਇਰਲ ਹੋਇਆ ਸੀ। ਹਾਲਾਂਕਿ, ਮੰਦਰ ਦੇ ਮੁਖੀ, ਯਤੀ ਨਰਸਿੰਹਾਂਨੰਦ ਸਰਸਵਤੀ ਨੇ ਦੋਸ਼ ਲਾਇਆ ਕਿ ਬੱਚਾ ਮੰਦਰ ਦਾ ਅਪਮਾਨ ਕਰ ਰਿਹਾ ਸੀ। ਉਸਨੇ ਬੱਚੇ ਉੱਤੇ ਹੋਏ ਹਮਲੇ ਨੂੰ ਜਾਇਜ਼ ਠਹਿਰਾਇਆ ਹੈ।