Punjab

ਰੂਪਨਗਰ ਜ਼ਿਲ੍ਹੇ ‘ਚ ਹੋਵੇਗੀ ਰਾਤ ਦੇ ਕਰਫਿਊ ਦੇ ਫੈਸਲੇ ਦੀ ਸਮੀਖਿਆ

‘ਦ ਖ਼ਾਲਸ ਬਿਊਰੋ :- ਹੋਲਾ ਮਹੱਲਾ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੂਪਨਗਰ ਜ਼ਿਲ੍ਹੇ ‘ਚ ਰਾਤ ਦੇ ਕਰਫਿਊ ਦੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ। ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਰਾਤ ਦੇ ਕਰਫਿਊ ਦੀ ਸਮੀਖਿਆ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਤ ਦੇ ਕਰਫ਼ਿਊ ਦੇ ਫੈਸਲੇ ਦੀ ਲੋਕਾਂ ਦੀ ਸਹੂਲਤ ਲਈ ਸਮੀਖਿਆ ਕੀਤੀ ਜਾਵੇਗੀ। 24 ਮਾਰਚ ਤੋਂ 29 ਮਾਰਚ ਤੱਕ ਰੂਪਨਗਰ ਜ਼ਿਲ੍ਹੇ ਵਿੱਚ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੌਮੀ ਤਿਉਹਾਰ ਹੋਲਾ ਮੁਹੱਲਾ ਮਨਾਇਆ ਜਾਣਾ ਹੈ। ਇਸ ਮੌਕੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇਸ ਧਰਤੀ ਨੂੰ ਸਿਜਦਾ ਕਰਨ ਪਹੁੰਚਦੇ ਹਨ ਅਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।

ਸੋਨਾਲੀ ਗਿਰੀ ਨੇ ਲੋਕਾਂ ਨੂੰ ਕੋਰੋਨਾ ਦੇ ਕਾਰਨ ਹੋਲਾ ਮਹੱਲਾ ਦੌਰਾਨ ਲੋਕਾਂ ਨੂੰ ਸਮਾਜਕ ਦੂਰੀ ਦਾ ਖਿਆਲ ਰੱਖਣ, ਮਾਸਕ ਪਾਉਣ ਅਤੇ ਸਮੇਂ-ਸਮੇਂ ‘ਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਦੀ ਹਦਾਇਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਹੋਲਾ-ਮਹੱਲਾ ਦੇ ਮੇਲੇ ਵਿੱਚ ਆਉਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਹਾਸਲ ਕੀਤੀ ਕੋਰੋਨਾ ਨਾਕਾਰਾਤਮਕ ਰਿਪੋਰਟ ਲਿਆਉਣੀ ਪਵੇਗੀ।

ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਵੇਲੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਰਾਤ 9:00 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਕੀਤਾ ਗਿਆ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਰੋਪੜ/ਰੂਪਨਗਰ ਜ਼ਿਲ੍ਹੇ ਵੀ ਸ਼ਾਮਲ ਹਨ।