India Punjab

ਕੋਰੋਨਾ ਕਾਰਨ ਦੂਜੇ ਸ਼ਹਿਰਾਂ ਜਾਂ ਸੂਬਿਆਂ ‘ਚ ਫਸੇ ਵਿਦਿਆਰਥੀ ਨਾ ਘਬਰਾਉਣ, ਸੀਬੀਐੱਸਈ ਕਰੇਗੀ ਮਦਦ

‘ਦ ਖ਼ਾਲਸ ਬਿਊਰੋ :- ਸੀਬੀਐੱਸਈ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਦੇਸ਼ ਦੇ ਕਿਸੇ ਵੀ ਦੂਜੇ ਸ਼ਹਿਰ ਜਾਂ ਸੂਬੇ ਵਿੱਚ ਪ੍ਰੀਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਨੇ ਜਾਰੀ ਕੀਤੀ ਤਾਜ਼ਾ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਬਹੁਤ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹੋਰ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਫਸੇ ਹੋਏ ਹਨ।

ਇਸ ਲਈ ਵਿਦਿਆਰਥੀਆਂ ਨੂੰ ਆਪਣੇ ਰਜਿਸਟਰਡ ਕੇਂਦਰਾਂ ਵਿੱਚ ਪ੍ਰੀਖਿਆ ਦੇਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਦਿਆਰਥੀ ਆਪਣੇ ਸਕੂਲ ਨੂੰ ਥਿਊਰੀ ਜਾਂ ਪ੍ਰੈਕਟੀਕਲ ਪ੍ਰੀਖਿਆ ਜਾਂ ਦੋਵੇਂ ਦੇਣ ਲਈ ਕੇਂਦਰ ਤਬਦੀਲ ਕਰਨ ਲਈ ਬੇਨਤੀ ਕਰ ਸਕਦੇ ਹਨ।

ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੂਰੀ ਦੁਨੀਆ ਦੇ ਕਾਰੋਬਾਰ ‘ਤੇ ਅਸਰ ਪਿਆ ਹੈ, ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਇਸਦਾ ਗਹਿਰਾ ਅਸਰ ਪਿਆ ਹੈ। ਲਾਕਡਾਊਨ ਕਰਕੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚੋਂ ਛੁੱਟੀਆਂ ਕਰ ਦਿੱਤੀਆਂ ਗਈਆਂ, ਜਿਸ ਕਰਕੇ ਉਨ੍ਹਾਂ ਦਾ ਪੜ੍ਹਾਈ ਦੇ ਪੱਖੋਂ ਕਾਫੀ ਨੁਕਸਾਨ ਹੋ ਰਿਹਾ ਹੈ। ਹਾਲਾਂਕਿ, ਸਰਕਾਰਾਂ ਨੇ ਪੜ੍ਹਾਈ ਲਈ ਆਨਲਾਈਨ ਮੋਡ ਸ਼ੁਰੂ ਕੀਤਾ ਹੈ ਪਰ ਫਿਰ ਵੀ ਵਿਦਿਆਰਥੀਆਂ ਦੇ ਅੰਦਰ ਸਕੂਲ ਜਾਣ ਦੀ ਤਾਂਘ ਹੈ।