India Khaas Lekh Khalas Tv Special Video

ਵੱਡਾ ਅਲਰਟ, ਤੁਹਾਡੇ ਘਰ ਰੱਖੇ ਸੋਨੇ ਬਾਰੇ ਸਰਕਾਰ ਦਾ ਵੱਡਾ ਖੁਲਾਸਾ

ਸੋਨਾ ਹਰ ਭਾਰਤੀ ਪਰਿਵਾਰ ਲਈ ਸਿਰਫ਼ ਗਹਿਣਾ ਹੀ ਨਹੀਂ, ਸਗੋਂ ਖੁਸ਼ੀ, ਰਿਵਾਜ ਅਤੇ ਮੁਸ਼ਕਲ ਸਮੇਂ ਦੀ ਆਰਥਿਕ ਸੁਰੱਖਿਆ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਧੀਆਂ-ਪੁੱਤਰਾਂ ਦੇ ਵਿਆਹਾਂ, ਤਿਉਹਾਰਾਂ ਅਤੇ ਹੋਰ ਖਾਸ ਮੌਕਿਆਂ ‘ਤੇ ਸੋਨਾ ਖਰੀਦਦੇ ਹਨ। ਕਈ ਵਾਰ ਆਰਥਿਕ ਤੰਗੀ ਆਉਣ ‘ਤੇ ਇਹੀ ਸੋਨਾ ਪਰਿਵਾਰਾਂ ਲਈ ਵੱਡਾ ਸਹਾਰਾ ਬਣਦਾ ਹੈ। ਪਰ ਹੁਣ ਸੋਨੇ ਦੀ ਸ਼ੁੱਧਤਾ ਨੂੰ ਲੈ ਕੇ ਇੱਕ ਅਜਿਹਾ ਖੁਲਾਸਾ ਸਾਹਮਣੇ ਆਇਆ ਹੈ, ਜਿਸ ਨੇ ਸੋਨਾ ਖਰੀਦਣ ਵਾਲੇ ਲੱਖਾਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਸੋਨੇ ਦੀ ਸ਼ੁੱਧਤਾ ’ਤੇ CAG ਦਾ ਵੱਡਾ ਖੁਲਾਸਾ

ਦੇਸ਼ ਦੇ ਸਰਕਾਰੀ ਕੰਮਕਾਜ ਦਾ ਆਡਿਟ ਕਰਨ ਵਾਲੀ ਸੰਸਥਾ CAG ਯਾਨੀ Comptroller and Auditor General of India ਨੇ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਵਾਲੀ ਸਰਕਾਰੀ ਏਜੰਸੀ BIS ਯਾਨੀ Bureau of Indian Standards ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ ਮੁਤਾਬਕ BIS ਬਾਜ਼ਾਰ ਵਿੱਚ ਵਿਕਣ ਵਾਲੇ ਹਾਲਮਾਰਕ ਵਾਲੇ ਸੋਨੇ ਦੀ ਸ਼ੁੱਧਤਾ ਦੀ ਨਿਗਰਾਨੀ ਕਰਨ ਵਿੱਚ ਵੱਡੇ ਪੱਧਰ ‘ਤੇ ਨਾਕਾਮ ਰਹੀ ਹੈ। ਜਿਸ ਏਜੰਸੀ ਦੀ ਜ਼ਿੰਮੇਵਾਰੀ ਗਾਹਕਾਂ ਨੂੰ ਮਿਲਾਵਟੀ ਅਤੇ ਘੱਟ ਸ਼ੁੱਧਤਾ ਵਾਲੇ ਸੋਨੇ ਤੋਂ ਬਚਾਉਣ ਦੀ ਸੀ, ਉਸੇ ਦੀ ਜਾਂਚ ਪ੍ਰਣਾਲੀ ਵਿੱਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਹਨ।

CAG ਦੀ ਡਰਾਫਟ ਰਿਪੋਰਟ ਅਨੁਸਾਰ BIS ਦੇ ਨਿਯਮਾਂ ਮੁਤਾਬਕ ਹਰ ਰਜਿਸਟਰਡ ਜਵੈਲਰ ਦੀ ਦੁਕਾਨ ਦੀ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਜਾਂਚ ਹੋਣੀ ਚਾਹੀਦੀ ਹੈ। ਇਸ ਜਾਂਚ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਦੁਕਾਨਦਾਰ ਗਾਹਕਾਂ ਨੂੰ ਜਿਸ ਸ਼ੁੱਧਤਾ ਦਾ ਸੋਨਾ ਵੇਚ ਰਹੇ ਹਨ, ਕੀ ਉਹ ਅਸਲ ਵਿੱਚ ਉਸੇ ਮਿਆਰ ‘ਤੇ ਖਰਾ ਉਤਰਦਾ ਹੈ ਜਾਂ ਨਹੀਂ। ਪਰ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2020-21 ਤੋਂ ਲੈ ਕੇ ਪਿਛਲੇ ਪੰਜ ਸਾਲਾਂ ਦੌਰਾਨ 80 ਫੀਸਦੀ ਤੋਂ ਵੱਧ ਰਜਿਸਟਰਡ ਜਵੈਲਰਾਂ ਦੀਆਂ ਦੁਕਾਨਾਂ ਦੀ ਜਾਂਚ ਹੀ ਨਹੀਂ ਕੀਤੀ ਗਈ।

ਇਸ ਦਾ ਮਤਲਬ ਹੈ ਕਿ ਵੱਡੀ ਗਿਣਤੀ ਵਿੱਚ ਸੁਨਿਆਰਿਆਂ ਦੀਆਂ ਦੁਕਾਨਾਂ ਸਰਕਾਰੀ ਨਿਗਰਾਨੀ ਤੋਂ ਬਾਹਰ ਰਹੀਆਂ। ਅਜਿਹੇ ਵਿੱਚ ਗਾਹਕਾਂ ਨੂੰ ਵੇਚੇ ਜਾ ਰਹੇ ਸੋਨੇ ਦੀ ਸ਼ੁੱਧਤਾ ਦੀ ਪੁਸ਼ਟੀ ਕਰਨ ਵਾਲੀ ਪ੍ਰਣਾਲੀ ਕਿੰਨੀ ਪ੍ਰਭਾਵਸ਼ਾਲੀ ਹੈ, ਇਸ ‘ਤੇ ਸਵਾਲ ਉੱਠਣੇ ਸੁਭਾਵਿਕ ਹਨ। ਆਮ ਗਾਹਕ ਕੋਲ ਅਜਿਹੀ ਕੋਈ ਤਕਨੀਕੀ ਜਾਣਕਾਰੀ ਨਹੀਂ ਹੁੰਦੀ ਕਿ ਉਹ ਸਿਰਫ਼ ਗਹਿਣੇ ਨੂੰ ਦੇਖ ਕੇ ਪਤਾ ਲਗਾ ਸਕੇ ਕਿ ਸੋਨਾ ਅਸਲੀ ਹੈ ਜਾਂ ਉਸ ਵਿੱਚ ਮਿਲਾਵਟ ਕੀਤੀ ਗਈ ਹੈ। ਇਸ ਲਈ ਉਹ ਹਾਲਮਾਰਕ ਅਤੇ ਸਰਕਾਰੀ ਸਰਟੀਫਿਕੇਸ਼ਨ ‘ਤੇ ਭਰੋਸਾ ਕਰਦਾ ਹੈ।

392 ਜ਼ਿਲ੍ਹਿਆਂ ਵਿੱਚ ਬਿਨਾਂ ਹਾਲਮਾਰਕ ਵਾਲਾ ਸੋਨਾ ਵੇਚਣਾ ਗੈਰ-ਕਾਨੂੰਨੀ

CAG ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ 392 ਜ਼ਿਲ੍ਹਿਆਂ ਵਿੱਚ ਬਿਨਾਂ ਹਾਲਮਾਰਕ ਵਾਲਾ ਸੋਨਾ ਵੇਚਣਾ ਗੈਰ-ਕਾਨੂੰਨੀ ਹੈ। ਇਸ ਦੇ ਬਾਵਜੂਦ ਸੋਨੇ ਦੇ ਕਾਰੋਬਾਰ ਨਾਲ ਜੁੜੀਆਂ ਕਰੀਬ 2.3 ਲੱਖ ਜਵੈਲਰੀ ਦੁਕਾਨਾਂ ਨੇ BIS ਕੋਲ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ਸਾਲ 2024-25 ਵਿੱਚ ਕੁੱਲ 28,865 ਲਾਇਸੈਂਸਧਾਰਕ ਜਵੈਲਰ ਸਨ। ਇਨ੍ਹਾਂ ਵਿੱਚੋਂ ਸਿਰਫ਼ 5,444 ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਤਰ੍ਹਾਂ ਤਕਰੀਬਨ 81 ਫੀਸਦੀ ਦੁਕਾਨਾਂ ਦੀ ਜਾਂਚ ਨਹੀਂ ਹੋ ਸਕੀ।

ਇਹ ਅੰਕੜੇ ਸਰਕਾਰੀ ਨਿਗਰਾਨੀ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਖੜ੍ਹਾ ਕਰਦੇ ਹਨ। ਜਦੋਂ ਕਿਸੇ ਦੁਕਾਨਦਾਰ ਨੂੰ ਇਹ ਪਤਾ ਹੋਵੇ ਕਿ ਉਸ ਦੀ ਦੁਕਾਨ ਦੀ ਜਾਂਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਤਾਂ ਨਿਯਮਾਂ ਦੀ ਪਾਲਣਾ ਕਰਵਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਹਰ ਜਾਂਚ ਤੋਂ ਬਾਹਰ ਰਹੀ ਦੁਕਾਨ ‘ਤੇ ਨਕਲੀ ਜਾਂ ਮਿਲਾਵਟੀ ਸੋਨਾ ਵਿਕ ਰਿਹਾ ਹੈ, ਪਰ ਨਿਗਰਾਨੀ ਦੀ ਕਮੀ ਕਾਰਨ ਗਾਹਕਾਂ ਦੇ ਹਿੱਤ ਪ੍ਰਭਾਵਿਤ ਹੋ ਸਕਦੇ ਹਨ।

Assaying and Hallmarking Centres ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉੱਠੇ

ਇਸ ਮਾਮਲੇ ਵਿੱਚ ਸਿਰਫ਼ ਜਵੈਲਰਾਂ ਦੀਆਂ ਦੁਕਾਨਾਂ ਹੀ ਨਹੀਂ, ਸਗੋਂ AHC ਯਾਨੀ Assaying and Hallmarking Centres ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉੱਠੇ ਹਨ। ਇਹ BIS ਤੋਂ ਮਾਨਤਾ ਪ੍ਰਾਪਤ ਸਰਕਾਰੀ ਜਾਂ ਨਿੱਜੀ ਕੇਂਦਰ ਹੁੰਦੇ ਹਨ, ਜਿੱਥੇ ਸੋਨੇ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਿਰਧਾਰਤ ਮਿਆਰ ਪੂਰਾ ਕਰਨ ਤੋਂ ਬਾਅਦ ਉਨ੍ਹਾਂ ‘ਤੇ ਹਾਲਮਾਰਕ ਲਗਾਇਆ ਜਾਂਦਾ ਹੈ।

ਇਨ੍ਹਾਂ ਕੇਂਦਰਾਂ ਦੀ ਜ਼ਿੰਮੇਵਾਰੀ ਵੀ ਬਹੁਤ ਅਹਿਮ ਹੈ, ਕਿਉਂਕਿ ਗਾਹਕ ਜਿਸ ਹਾਲਮਾਰਕ ਨੂੰ ਦੇਖ ਕੇ ਸੋਨਾ ਖਰੀਦਦਾ ਹੈ, ਉਸ ਦੇ ਪਿੱਛੇ ਇਨ੍ਹਾਂ ਕੇਂਦਰਾਂ ਦੀ ਜਾਂਚ ਪ੍ਰਕਿਰਿਆ ਹੁੰਦੀ ਹੈ। CAG ਦੀ ਰਿਪੋਰਟ ਮੁਤਾਬਕ ਇਨ੍ਹਾਂ ਕੇਂਦਰਾਂ ਦੀ ਨਿਗਰਾਨੀ ਵਿੱਚ ਵੀ BIS ਆਪਣੇ ਨਿਰਧਾਰਤ ਟੀਚੇ ਤੋਂ ਤਕਰੀਬਨ 44 ਫੀਸਦੀ ਪਿੱਛੇ ਰਿਹਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੱਸਿਆ ਸਿਰਫ਼ ਦੁਕਾਨਾਂ ਦੀ ਜਾਂਚ ਤੱਕ ਸੀਮਤ ਨਹੀਂ, ਸਗੋਂ ਹਾਲਮਾਰਕਿੰਗ ਦੀ ਪੂਰੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ ਹੈ।

CAG ਨੇ BIS ਤੋਂ ਇਸ ਲਾਪਰਵਾਹੀ ਬਾਰੇ ਜਵਾਬ ਮੰਗਿਆ

ਜਦੋਂ CAG ਨੇ BIS ਤੋਂ ਇਸ ਲਾਪਰਵਾਹੀ ਬਾਰੇ ਜਵਾਬ ਮੰਗਿਆ ਤਾਂ ਏਜੰਸੀ ਨੇ ਮੁਲਾਜ਼ਮਾਂ ਦੀ ਕਮੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚੋਂ ਸੋਨੇ ਦੇ ਨਮੂਨੇ ਇਕੱਠੇ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹਵਾਲਾ ਦਿੱਤਾ। ਹਾਲਾਂਕਿ CAG ਨੇ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਿਗਰਾਨੀ ਪ੍ਰਣਾਲੀ ਦੀਆਂ ਕਮੀਆਂ ‘ਤੇ ਗੰਭੀਰ ਸਵਾਲ ਚੁੱਕੇ। ਫਿਲਹਾਲ ਇਹ ਰਿਪੋਰਟ ਡਰਾਫਟ ਪੜਾਅ ਵਿੱਚ ਹੈ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਤੋਂ ਅੰਤਿਮ ਜਵਾਬ ਮਿਲਣ ਤੋਂ ਬਾਅਦ ਇਸ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।

ਆਮ ਗਾਹਕਾਂ ‘ਤੇ ਕੀ ਅਸਰ ਪੈ ਸਕਦਾ ਹੈ

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਪੂਰੇ ਮਾਮਲੇ ਦਾ ਆਮ ਗਾਹਕਾਂ ‘ਤੇ ਕੀ ਅਸਰ ਪੈ ਸਕਦਾ ਹੈ ਅਤੇ ਉਹ ਆਪਣੇ ਘਰ ਵਿੱਚ ਰੱਖੇ ਸੋਨੇ ਦੀ ਸ਼ੁੱਧਤਾ ਕਿਵੇਂ ਚੈੱਕ ਕਰ ਸਕਦੇ ਹਨ। ਇਸ ਲਈ BIS ਵੱਲੋਂ BIS Care ਨਾਮ ਦੀ ਮੋਬਾਈਲ ਐਪ ਦੀ ਸਹੂਲਤ ਦਿੱਤੀ ਗਈ ਹੈ। ਗਾਹਕ ਇਸ ਐਪ ਰਾਹੀਂ ਆਪਣੇ ਗਹਿਣਿਆਂ ‘ਤੇ ਦਰਜ ਛੇ ਅੰਕਾਂ ਵਾਲੇ HUID ਯਾਨੀ Hallmark Unique Identification Number ਦੀ ਜਾਂਚ ਕਰ ਸਕਦੇ ਹਨ। ਇਸ ਨੰਬਰ ਨੂੰ ਐਪ ਵਿੱਚ ਦਰਜ ਕਰਕੇ ਗਹਿਣੇ ਦੀ ਹਾਲਮਾਰਕਿੰਗ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਹਾਲਮਾਰਕ ਵਾਲਾ ਸੋਨਾ ਵੀ ਸ਼ੱਕ ਦੇ ਘੇਰੇ ’ਚ

HUID ਨੰਬਰ ਹਰ ਹਾਲਮਾਰਕ ਵਾਲੇ ਗਹਿਣੇ ਦੀ ਵੱਖਰੀ ਪਛਾਣ ਹੁੰਦਾ ਹੈ। ਇਸ ਲਈ ਸੋਨਾ ਖਰੀਦਣ ਸਮੇਂ ਗਾਹਕ ਨੂੰ ਇਹ ਨੰਬਰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਪਰ CAG ਦੀ ਰਿਪੋਰਟ ਵਿੱਚ ਸਾਹਮਣੇ ਆਈ ਨਿਗਰਾਨੀ ਦੀ ਕਮੀ ਕਾਰਨ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇਕਰ ਜਵੈਲਰਾਂ ਅਤੇ ਹਾਲਮਾਰਕਿੰਗ ਕੇਂਦਰਾਂ ਦੀ ਨਿਯਮਤ ਜਾਂਚ ਨਹੀਂ ਹੋ ਰਹੀ ਤਾਂ ਸਿਰਫ਼ ਸਰਟੀਫਿਕੇਸ਼ਨ ‘ਤੇ ਭਰੋਸਾ ਕਰਨਾ ਕਿੰਨਾ ਸੁਰੱਖਿਅਤ ਹੈ।

ਇੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ BIS ਹਾਲਮਾਰਕ ਸੋਨੇ ਦੀ ਸ਼ੁੱਧਤਾ ਬਾਰੇ ਨਿਰਧਾਰਤ ਮਿਆਰ ਦੀ ਜਾਣਕਾਰੀ ਦਿੰਦਾ ਹੈ। ਹਾਲਮਾਰਕ ‘ਤੇ ਦਰਜ ਕੈਰੇਟ ਅਤੇ ਫਾਈਨਨੈੱਸ ਨੰਬਰ ਤੋਂ ਪਤਾ ਲੱਗਦਾ ਹੈ ਕਿ ਗਹਿਣੇ ਵਿੱਚ ਸੋਨੇ ਦੀ ਮਾਤਰਾ ਕਿੰਨੀ ਹੈ। ਉਦਾਹਰਨ ਵਜੋਂ 22 ਕੈਰੇਟ ਸੋਨੇ ਦੀ ਸ਼ੁੱਧਤਾ 916 ਅਤੇ 18 ਕੈਰੇਟ ਸੋਨੇ ਦੀ ਸ਼ੁੱਧਤਾ 750 ਦਰਸਾਈ ਜਾਂਦੀ ਹੈ। ਇਸ ਲਈ ਗਾਹਕ ਨੂੰ ਸਿਰਫ਼ ਹਾਲਮਾਰਕ ਦਾ ਨਿਸ਼ਾਨ ਦੇਖਣ ਦੀ ਬਜਾਏ ਉਸ ‘ਤੇ ਦਰਜ ਸਾਰੀ ਜਾਣਕਾਰੀ ਦੀ ਪੁਸ਼ਟੀ ਕਰਨੀ ਚਾਹੀਦੀ ਹੈ।

ਜੇਕਰ ਕਿਸੇ ਗਾਹਕ ਨੇ ਹਾਲਮਾਰਕ ਵਾਲਾ ਗਹਿਣਾ ਖਰੀਦਿਆ ਹੈ ਅਤੇ ਬਾਅਦ ਵਿੱਚ ਜਾਂਚ ਦੌਰਾਨ ਉਸ ਦੀ ਸ਼ੁੱਧਤਾ ਹਾਲਮਾਰਕ ‘ਤੇ ਦਰਜ ਮਿਆਰ ਤੋਂ ਘੱਟ ਪਾਈ ਜਾਂਦੀ ਹੈ ਤਾਂ BIS ਦੇ ਨਿਯਮਾਂ ਮੁਤਾਬਕ ਉਹ ਮੁਆਵਜ਼ੇ ਦਾ ਹੱਕਦਾਰ ਹੋ ਸਕਦਾ ਹੈ। ਇਸ ਵਿੱਚ ਸ਼ੁੱਧਤਾ ਦੀ ਕਮੀ ਕਾਰਨ ਹੋਏ ਮੁੱਲ ਦੇ ਫਰਕ ਦਾ ਦੁੱਗਣਾ ਅਤੇ ਜਾਂਚ ਦਾ ਖਰਚਾ ਸ਼ਾਮਲ ਹੋ ਸਕਦਾ ਹੈ। ਇਸ ਲਈ ਗਾਹਕਾਂ ਨੂੰ ਆਪਣੇ ਸੋਨੇ ਦੇ ਗਹਿਣਿਆਂ ਦਾ ਪੱਕਾ ਬਿੱਲ ਅਤੇ ਖਰੀਦ ਨਾਲ ਸਬੰਧਤ ਸਾਰੇ ਦਸਤਾਵੇਜ਼ ਸੰਭਾਲ ਕੇ ਰੱਖਣੇ ਚਾਹੀਦੇ ਹਨ।

BIS Care ਐਪ ਰਾਹੀਂ ਸ਼ਿਕਾਇਤ ਦਰਜ ਕਰਵਾਓ

ਜੇਕਰ ਕਿਸੇ ਗਹਿਣੇ ਵਿੱਚ ਮਿਲਾਵਟ ਜਾਂ ਸ਼ੁੱਧਤਾ ਦੀ ਕਮੀ ਦਾ ਸ਼ੱਕ ਹੋਵੇ ਤਾਂ ਗਾਹਕ BIS Care ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਖਪਤਕਾਰ ਹੈਲਪਲਾਈਨ ਦੇ ਨੰਬਰ 1915 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਗਾਹਕਾਂ ਨੂੰ ਆਪਣੀ ਸ਼ਿਕਾਇਤ ਨਾਲ ਖਰੀਦ ਦਾ ਬਿੱਲ, HUID ਨੰਬਰ ਅਤੇ ਹੋਰ ਸਬੰਧਤ ਜਾਣਕਾਰੀ ਦੇਣੀ ਚਾਹੀਦੀ ਹੈ।

ਹੁਣ ਗੱਲ ਕਰਦੇ ਹਾਂ ਸੋਨਾ ਖਰੀਦਣ ਸਮੇਂ ਰੱਖੀਆਂ ਜਾਣ ਵਾਲੀਆਂ ਕੁਝ ਸਾਵਧਾਨੀਆਂ ਦੀ, ਕਿਉਂਕਿ ਸਿਰਫ਼ ਹਾਲਮਾਰਕ ਚੈੱਕ ਕਰਨਾ ਹੀ ਕਾਫ਼ੀ ਨਹੀਂ ਹੈ। ਸਭ ਤੋਂ ਪਹਿਲਾਂ ਗਹਿਣਾ ਖਰੀਦਣ ਤੋਂ ਪਹਿਲਾਂ ਉਸ ਦਾ ਵਜ਼ਨ ਖੁਦ ਚੈੱਕ ਕਰੋ। ਜੇਕਰ ਗਹਿਣੇ ਵਿੱਚ ਹੀਰੇ, ਮੋਤੀ ਜਾਂ ਹੋਰ ਪੱਥਰ ਲੱਗੇ ਹੋਏ ਹਨ ਤਾਂ ਉਨ੍ਹਾਂ ਦਾ ਵਜ਼ਨ ਵੱਖਰੇ ਤੌਰ ‘ਤੇ ਦਰਜ ਕਰਵਾਓ। ਗਹਿਣੇ ਦਾ ਕੁੱਲ ਵਜ਼ਨ ਅਤੇ ਸੋਨੇ ਦਾ ਅਸਲ ਨੈੱਟ ਵਜ਼ਨ ਵੱਖ-ਵੱਖ ਪੁੱਛੋ, ਤਾਂ ਜੋ ਤੁਹਾਨੂੰ ਸਿਰਫ਼ ਸੋਨੇ ਦੀ ਹੀ ਸਹੀ ਕੀਮਤ ਅਦਾ ਕਰਨੀ ਪਵੇ।

ਮੇਕਿੰਗ ਚਾਰਜ ਤੇ ਸੋਨੇ ਦਾ ਅਸਲੀ ਵਜ਼ਨ ਜ਼ਰੂਰ ਚੈੱਕ ਕਰੋ

ਇਸ ਤੋਂ ਇਲਾਵਾ ਮੇਕਿੰਗ ਚਾਰਜ ਬਾਰੇ ਵੀ ਪਹਿਲਾਂ ਹੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਸੁਨਿਆਰੇ ਤੋਂ ਪੁੱਛੋ ਕਿ ਗਹਿਣਾ ਬਣਾਉਣ ਦੀ ਕੀਮਤ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲਈ ਜਾ ਰਹੀ ਹੈ ਜਾਂ ਕੁੱਲ ਕੀਮਤ ਦੇ ਪ੍ਰਤੀਸ਼ਤ ਦੇ ਹਿਸਾਬ ਨਾਲ। ਕੀ ਇਸ ਵਿੱਚ ਕੋਈ ਵਾਧੂ ਵੇਸਟੇਜ ਚਾਰਜ ਵੀ ਜੋੜਿਆ ਗਿਆ ਹੈ? ਇਹ ਸਾਰੀਆਂ ਗੱਲਾਂ ਬਿੱਲ ਵਿੱਚ ਸਪੱਸ਼ਟ ਦਰਜ ਹੋਣੀਆਂ ਚਾਹੀਦੀਆਂ ਹਨ।

GST ਬਿੱਲ ਲੈਣਾ ਵੀ ਬਹੁਤ ਜ਼ਰੂਰੀ

ਸੋਨਾ ਖਰੀਦਣ ਸਮੇਂ ਪੱਕਾ GST ਬਿੱਲ ਲੈਣਾ ਵੀ ਬਹੁਤ ਜ਼ਰੂਰੀ ਹੈ। ਬਿੱਲ ਵਿੱਚ ਗਹਿਣੇ ਦਾ ਪੂਰਾ ਵੇਰਵਾ, ਸੋਨੇ ਦੀ ਸ਼ੁੱਧਤਾ ਅਤੇ ਕੈਰੇਟ, ਨੈੱਟ ਵਜ਼ਨ, ਸੋਨੇ ਦੀ ਕੀਮਤ, ਮੇਕਿੰਗ ਚਾਰਜ, ਹਾਲਮਾਰਕਿੰਗ ਚਾਰਜ ਅਤੇ ਟੈਕਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਨਾਲ ਭਵਿੱਖ ਵਿੱਚ ਗਹਿਣੇ ਦੀ ਵਾਪਸੀ, ਬਦਲਾਅ ਜਾਂ ਸ਼ਿਕਾਇਤ ਕਰਨ ਸਮੇਂ ਤੁਹਾਡੇ ਕੋਲ ਸਬੂਤ ਮੌਜੂਦ ਰਹਿੰਦਾ ਹੈ।

ਇਸ ਤੋਂ ਇਲਾਵਾ ਸੋਨਾ ਖਰੀਦਣ ਤੋਂ ਪਹਿਲਾਂ ਸੁਨਿਆਰੇ ਤੋਂ ਵਾਪਸੀ ਅਤੇ ਐਕਸਚੇਂਜ ਦੀਆਂ ਸ਼ਰਤਾਂ ਵੀ ਲਿਖਤੀ ਰੂਪ ਵਿੱਚ ਲੈਣੀਆਂ ਚਾਹੀਦੀਆਂ ਹਨ। ਪੁਰਾਣਾ ਸੋਨਾ ਵਾਪਸ ਕਰਨ ‘ਤੇ ਕਿੰਨੀ ਕੀਮਤ ਮਿਲੇਗੀ? ਗਹਿਣਾ ਬਦਲਣ ਸਮੇਂ ਮੇਕਿੰਗ ਚਾਰਜ ਵਾਪਸ ਮਿਲੇਗਾ ਜਾਂ ਨਹੀਂ? ਜੇਕਰ ਗਹਿਣੇ ਵਿੱਚ ਪੱਥਰ ਲੱਗੇ ਹੋਣ ਤਾਂ ਉਨ੍ਹਾਂ ਦੀ ਕੀਮਤ ਕਿਵੇਂ ਕੱਟੀ ਜਾਵੇਗੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਪਹਿਲਾਂ ਹੀ ਜਾਣਨੇ ਜ਼ਰੂਰੀ ਹਨ।