ਪੰਜਾਬ ਪੁਲਿਸ ਨੇ ਬਹਿਰੀਨ ਤੋਂ ਆਈ ਔਰਤ ਨਾਲ ਜੁੜੇ ਰੇਪ ਕੇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਐਫਆਈਆਰ ਅਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਦਿੱਤਾ ਹੈ। ਇਸ ਟੀਮ ਦੀ ਅਗਵਾਈ ਫਰੀਦਕੋਟ ਦੇ ਐਸਐਸਪੀ ਗੁਰਬੰਸ ਬੈਂਸ ਕਰਨਗੇ, ਜਦਕਿ ਵਿਜੀਲੈਂਸ ਬਿਊਰੋ ਮੋਹਾਲੀ ਦੀ ਐਸਐਸਪੀ ਸਿਮਰਨਜੀਤ ਲੰਗ ਅਤੇ ਡੀਐਸਪੀ ਕਰਨ ਸੰਧੂ ਨੂੰ ਮੈਂਬਰ ਬਣਾਇਆ ਗਿਆ ਹੈ। SIT ਨੂੰ ਹਦਾਇਤ ਦਿੱਤੀ ਗਈ ਹੈ ਕਿ ਮਾਮਲੇ ਦੀ ਜਾਂਚ ਜਲਦ ਤੋਂ ਜਲਦ ਮੁਕੰਮਲ ਕਰਕੇ ਰਿਪੋਰਟ ਸੌਂਪੀ ਜਾਵੇ।
ਇਸ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੋਈ ਗਲਤ ਕੰਮ ਨਹੀਂ ਕੀਤਾ ਗਿਆ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਪਹਿਲੂ ਸਾਹਮਣੇ ਆ ਸਕਦੇ ਹਨ। ਮਾਮਲੇ ਵਿੱਚ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਅਤੇ ਕੁਲਬੀਰ ਸਿੰਘ ਝਿੰਜਰ ਦਾ ਵੀ ਜ਼ਿਕਰ ਹੋ ਰਿਹਾ ਹੈ। ਵਲਟੋਹਾ ਪਹਿਲਾਂ ਹੀ ਆਪਣਾ ਪੱਖ ਰੱਖ ਚੁੱਕੇ ਹਨ।
ਸਿੱਖ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਨਿਰਪੱਖ ਜਾਂਚ ਦੀ ਮੰਗ ਉੱਠਦੀ ਰਹੀ ਹੈ। ਬੀਤੇ ਦਿਨਾਂ ਵਿੱਚ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕਰਕੇ ਬਹਿਰੀਨ ਮਾਮਲੇ ਨਾਲ ਜੁੜੀ ਜਾਂਚ ਕਮੇਟੀ ਦੀ ਰਿਪੋਰਟ ਦੇ ਤੱਥ ਮੀਡੀਆ ਸਾਹਮਣੇ ਰੱਖੇ। ਉਨ੍ਹਾਂ ਨੇ ਰਜਿਸਟਰ ਦੀਆਂ ਐਂਟਰੀਆਂ ਦਿਖਾਉਂਦਿਆਂ ਕਿਹਾ ਕਿ ਬਹਿਰੀਨ ਵਾਲੀ ਬੀਬੀ ਨੇ 7 ਦਸੰਬਰ 2025 ਨੂੰ ਦੋ ਹੋਰ ਵਿਅਕਤੀਆਂ ਸਮੇਤ ਕਮਰਾ ਨੰਬਰ 38 ਇੱਕ ਹਜ਼ਾਰ ਰੁਪਏ ਦੇ ਕੇ ਲਿਆ ਸੀ ਅਤੇ ਵੱਖ-ਵੱਖ ਤਰੀਕਾਂ ’ਤੇ ਉਨ੍ਹਾਂ ਦੇ ਸਰਾਵਾਂ ਵਿੱਚ ਠਹਿਰਨ ਦੀਆਂ ਐਂਟਰੀਆਂ ਮੌਜੂਦ ਹਨ। ਧਾਮੀ ਨੇ ਬਲਤੇਜ ਪੰਨੂ ਦੇ ਬਿਆਨਾਂ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ’ਤੇ ਲੱਗੇ ਦੋਸ਼ ਸਾਫ਼ ਨਹੀਂ ਹੋ ਜਾਂਦੇ, ਉਹ ਅਸਤੀਫ਼ਾ ਨਹੀਂ ਦੇਣਗੇ।

