Punjab Religion

ਭਾਈ ਰਾਜੋਆਣਾ ਨੂੰ ਮਿਲੇ ਜਥੇਦਾਰ ਗੜਗੱਜ, ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਹੋਈ ਮੁਲਾਕਾਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਦੱਸਿਆ ਕਿ ਰਾਜੋਆਣਾ ਦੀ ਇੱਕੋ ਇੱਕ ਮੰਗ ਇਹ ਹੈ ਕਿ ਉਨ੍ਹਾਂ ਦੇ ਮਾਮਲੇ ਉੱਤੇ ਜਿੰਨੀ ਜਲਦੀ ਹੋ ਸਕੇ ਫੈਸਲਾ ਲਿਆ ਜਾਵੇ। ਉਨ੍ਹਾਂ ਸਿੱਖ ਪਰੰਪਰਾਵਾਂ ਅਤੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਸ਼ਹਾਦਤ ਨੂੰ ਕਬੂਲ ਕੀਤਾ ਹੈ ਪਰ ਕਦੇ ਵੀ ਈਨ ਨਹੀਂ ਕਬੂਲੀ। ਜ਼ਿੰਦਾ ਸ਼ਹੀਦ ਬਲਵੰਤ ਸਿੰਘ ਰਾਜੋਆਣਾ ਵੀ ਉਸੇ ਇਤਿਹਾਸ ਨੂੰ ਦੁਹਰਾ ਰਹੇ ਹਨ।

ਮਰਸੀ ਪਟੀਸ਼ਨ ਬਾਰੇ ਗੱਲ ਕਰਦਿਆਂ ਜਥੇਦਾਰ ਨੇ ਦੱਸਿਆ ਕਿ ਰਾਜੋਆਣਾ ਤਰਲੇ ਨਹੀਂ ਕਰ ਰਹੇ ਬਲਕਿ ਲੰਬਿਤ ਮਾਮਲੇ ਦਾ ਹੱਲ ਚਾਹੁੰਦੇ ਹਨ। ਚਾਹੇ ਫਾਂਸੀ ਹੋਵੇ ਜਾਂ ਕੋਈ ਹੋਰ ਫੈਸਲਾ, ਫੈਸਲਾ ਤਾਂ ਹੋਣਾ ਹੀ ਚਾਹੀਦਾ ਹੈ। ਰਾਜੋਆਣਾ ਆਰ-ਪਾਰ ਦੀ ਗੱਲ ਕਰ ਰਹੇ ਹਨ ਅਤੇ ਜ਼ਿੱਲਤ ਨਾਲੋਂ ਸ਼ਹਾਦਤ ਨੂੰ ਤਰਜੀਹ ਦਿੰਦੇ ਹਨ। ਉਹ ਚੜ੍ਹਦੀ ਕਲਾ ਵਿਚ ਹਨ ਅਤੇ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਬਾਰੇ ਵੀ ਗੱਲਬਾਤ ਕੀਤੀ।

ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਰਾਜੋਆਣਾ ਅਨੁਸਾਰ ਸਿੱਖ ਪਰੰਪਰਾ ਵਿਚ ਸ਼ਹੀਦ ਦੀ ਜ਼ਿੰਦਗੀ ਹੈ ਜਦੋਂ ਕਿ ਆਮ ਮੌਤ ਤੋਂ ਬਾਅਦ ਕੁਝ ਨਹੀਂ ਰਹਿੰਦਾ। ਉਹ ਫੈਸਲੇ ਲਈ ਤਿਆਰ ਹਨ। ਸਰਕਾਰ ਪਟੀਸ਼ਨ ਉੱਤੇ ਫੈਸਲਾ ਲਵੇ ਜਾਂ ਨਾ ਲਵੇ, ਸੁਪਰੀਮ ਕੋਰਟ ਨੂੰ ਇਸ ਬਾਰੇ ਫੈਸਲਾ ਲੈਣਾ ਚਾਹੀਦਾ ਹੈ। ਧਾਮੀ ਨੇ ਦੱਸਿਆ ਕਿ ਸਿੰਘ ਸਾਹਿਬਾਨਾਂ ਨਾਲ ਇਕੱਤਰਤਾ ਕਰਕੇ ਇਸ ਮਾਮਲੇ ਉੱਤੇ ਚਰਚਾ ਕੀਤੀ ਜਾਵੇਗੀ। ਰਾਜੋਆਣਾ ਦੇ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਰਾਜੋਆਣਾ ਨੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਗੱਲ ਵੀ ਕੀਤੀ।

ਜਥੇਦਾਰ ਗੜਗੱਜ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਸੌਦਾ ਸਾਧ ਨੂੰ ਪੈਰੋਲ ਇੱਕ ਮਿੰਟ ਵਿਚ ਮਿਲ ਜਾਂਦੀ ਹੈ ਪਰ ਹਵਾਰਾ ਨੂੰ ਬਿਮਾਰ ਮਾਂ ਨੂੰ ਮਿਲਣ ਲਈ ਵੀ ਨਹੀਂ ਦਿੱਤੀ ਜਾਂਦੀ। ਸਿੱਖਾਂ ਲਈ ਕਾਨੂੰਨ ਵੱਖਰਾ ਕਿਉਂ ਹੈ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭੁਲਾਇਆ ਜਾ ਰਿਹਾ ਹੈ। ਇਹ ਮੁਲਾਕਾਤ ਰਾਜੋਆਣਾ ਦੀ ਮਜਬੂਤ ਰੂਹ ਅਤੇ ਸਿੱਖ ਸਿਧਾਂਤਾਂ ਪ੍ਰਤੀ ਉਨ੍ਹਾਂ ਦੀ ਪਕੜ ਨੂੰ ਉਜਾਗਰ ਕਰਦੀ ਹੈ। ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਨੇ ਰਾਜੋਆਣਾ ਦੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ ਅਤੇ ਮਾਮਲੇ ਦੇ ਜਲਦੀ ਨਿਪਟਾਰੇ ਦੀ ਲੋੜ ਉੱਤੇ ਜ਼ੋਰ ਦਿੱਤਾ।