ਸਾਊਥਹਾਲ ਦੀ ਫੇਥ ਕਮਿਊਨਿਟੀ ਦੇ ਵੱਖ-ਵੱਖ ਭਾਈਚਾਰਿਆਂ ਨੇ ਚਿੱਠੀ ਲਿਖ ਕੇ ਕੀਤੀ ਆਵਾਜ਼ ਬੁਲੰਦ
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸਾਊਥਹਾਲ ‘ਚ ਮੋਦੀ ਸਰਕਾਰ ਦੇ ਹੱਕ ‘ਚ ਕੱਢੀ ਜਾਣ ਵਾਲੀ ਕਾਰ ਰੈਲੀ ਨੂੰ ਹਿੰਦੂ ਸਿੱਖ ਭਾਈਚਾਰੇ ਨੇ ਰੱਦ ਕਰਵਾ ਦਿੱਤਾ ਹੈ। ਸਾਊਥਹਾਲ ਦੀ ਫੇਥ ਕਮਿਊਨਿਟੀ ਦੇ ਵੱਖ-ਵੱਖ ਭਾਈਚਾਰਿਆਂ ਨੇ ਚਿੱਠੀ ਲਿਖ ਕੇ ਇੱਕ ਰਾਇ ਕਾਇਮ ਕੀਤੀ ਸੀ, ਜਿਸ ਵਿੱਚ ਸੋਸ਼ਲ ਮੀਡਿਆ ‘ਤੇ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿੱਚ ਉਤਸ਼ਾਹਿਤ ਕੀਤੀ ਜਾ ਰਹੀ ਇੱਕ ਤਜ਼ਵੀਜੀ ਕਾਰ ਰੈਲੀ ਦਾ ਵਿਰੋਧ ਕੀਤਾ ਗਿਆ। ਇਸ ਚਿੱਠੀ ਵਿੱਚ ਵੱਖ-ਵੱਖ ਭਾਈਚਾਰਿਆਂ ਨੇ ਕਿਹਾ ਕਿ ਸਾਨੂੰ ਸਥਾਨਕ ਪੁਲਿਸ ਤੇ ਪਾਰਲੀਮਾਨੀ ਮੈਂਬਰਾਂ ਨੇ ਵੀ ਵਿਆਪਕ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਸਾਊਥਹਾਲ ਦੀ ਕੰਮਿਉਨਿਟੀ ਹਮੇਸ਼ਾ ਹੀ ਫਾਸੀਵਾਦੀ ਤਾਕਤਾਂ ਦੇ ਖਿਲਾਫ ਇੱਕਜੁੱਟ ਰਹੀ ਹੈ। ਵੱਖ-ਵੱਖ ਪਿਛੋਕੜਾਂ ਵਾਲੇ ਭਾਈਚਾਰੇ ਪੂਰੇ ਵਿਸ਼ਵਾਸ ਅਤੇ ਆਪਸੀ ਮਿਲਵਰਤਣ ਨਾਲ ਸਾਊਥਹਾਲ ਵਿੱਚ ਇਕੱਠੇ ਰਹਿ ਰਹੇ ਹਨ ਅਤੇ ਇਹ ਅੱਗੇ ਵੀ ਜਾਰੀ ਰਹੇਗਾ। ਸਾਊਥਹਾਲ ਦੇ ਫੇਥ ਫੋਰਮ ਸਟੀਰਿੰਗ ਗਰੁੱਪ ਵੱਲੋਂ ਲਿਖੀ ਇਸ ਚਿੱਠੀ ਵਿੱਚ ਇਸ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਹੱਕ ‘ਚ ਜੋ ਕਾਰ ਰੈਲੀ ਕੱਢਣ ਦਾ ਪ੍ਰਸਤਾਵ ਫੈਲਾਇਆ ਜਾ ਰਿਹਾ ਹੈ, ਅਸੀਂ ਉਸਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਆਪਣੇ ਸਥਾਨਕ ਪਾਰਲੀਮਾਨੀ ਮੈਂਬਰਾਂ ਅਤੇ ਪੁਲਿਸ ਬਲ ਦੀਆਂ ਕੋਸ਼ਿਸ਼ਾਂ ਦਾ ਵੀ ਸਵਾਗਤ ਕਰਦੇ ਹਾਂ, ਜਿਨ੍ਹਾਂ ਨੇ ਹਮੇਸ਼ਾ ਸਾਡੇ ਨੇੜੇ ਹੋ ਕੇ ਕੰਮ ਕੀਤਾ ਹੈ। ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਹਫਤੇ ਦੇ ਅਖੀਰਲੇ ਦਿਨ ਹਰ ਵਿਆਪਕ ਕਦਮ ਚੁੱਕੇ ਜਾਣਗੇ। ਸਾਊਥਹਾਲ ਫੇਥ ਗਰੁੱਪਾਂ ਦੇ ਵੱਖ-ਵੱਖ ਭਾਈਚਾਰੇ ਦੇ ਲੀਡਰਾਂ ਨੇ ਸੰਯੁਕਤ ਬੈਠਕ ਕਰਕੇ ਸੱਜੇਪੱਖੀ ਗਰੁੱਪਾਂ ਦੀ ਜੋ ਕਮਿਊਨਿਟੀ ਨੂੰ ਨੁਕਸਾਨ ਪਹੁੰਚਾਉਣ ਦੇ ਖਿਲਾਫ ਕੋਸ਼ਿਸ਼ ਹੈ, ਉਸ ਦੇ ਖਿਲਾਫ ਖੜ੍ਹੇ ਹੋਣ ਦਾ ਫੈਸਲਾ ਕੀਤਾ ਗਿਆ। ਇਸ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਆਪਣੀ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਹੈ।
ਕਾਰ ਰੈਲੀ ਨੂੰ ਪ੍ਰੋਮੋਟ ਕਰਦਾ ਪੋਸਟਰ ਹੋ ਰਿਹਾ ਸੋਸ਼ਲ ਮੀਡਿਆ ਤੇ ਵਾਇਰਲ
ਇਸ ਕਾਰ ਰੈਲੀ ਨਾਲ ਸੰਬੰਧਤ ਇੱਕ ਪੋਸਟਰ ਵੀ ਸੋਸ਼ਲ ਮੀਡਿਆ ਵਾਇਰਲ ਕੀਤਾ ਜਾ ਰਿਹਾ ਹੈ। ਪ੍ਰਾਉਡ ਇੰਡੀਅਨਸ ਯੂਕੇ ਵਲੋਂ ਜਾਰੀ ਇਸ ਪੋਸਟ ਵਿੱਚ ਰੈਲੀ ਦੀ ਪੂਰੀ ਸਮਾਂ ਸਾਰਣੀ ਦੱਸੀ ਗਈ ਹੈ। ਸਾਊਥਹਾਲ, ਬਰਮਿੰਘਮ ਤੇ ਲੈਸਟਰ ਵਿੱਚ ਕੱਢੀ ਜਾਣ ਵਾਲੀ ਇਸ ਕਾਰ ਰੈਲੀ ਦੇ ਵੱਖ ਵੱਖ ਰੂਟਾਂ ਦਾ ਜਿਕਰ ਹੈ। ਇਸ ਪੋਸਟਰ ਵਿੱਚ ਕਾਰਾਂ ਵਿੱਚ ਰਹਿਣ, ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਤੇ ਮੌਕੇ ਤੇ ਵੀਡਿਓਗ੍ਰਾਫੀ ਕਰਨ ਦਾ ਵੀ ਉਲੇਖ ਕੀਤਾ ਗਿਆ ਹੈ।