India

ਕੈਂਸਰ ਸਮੇਤ ਕਈ ਬਿਮਾਰੀਆਂ ਦੀਆਂ ਦਵਾਈਆਂ ਹੋਈਆਂ ਮਹਿੰਗੀਆਂ

ਦੇਸ਼ ਭਰ ਦੇ ਹਸਪਤਾਲਾਂ ਵਿੱਚ ਕੈਂਸਰ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਪਲੈਟੀਨਮ-ਅਧਾਰਤ ਦੋ ਮੁੱਖ ਦਵਾਈਆਂ ਦੀਆਂ ਸੀਲਿੰਗ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਸਿਸਪਲੇਟਿਨ (Cisplatin) ਅਤੇ ਕਾਰਬੋਪਲਾਟਿਨ (Carboplatin) ਦੀਆਂ ਕੀਮਤਾਂ ਵਿੱਚ ਲਗਭਗ 50 ਫੀਸਦੀ ਵਾਧਾ ਕਰ ਦਿੱਤਾ ਹੈ।

ਇਸ ਫੈਸਲੇ ਤੋਂ ਬਾਅਦ ਸਿਸਪਲੇਟਿਨ ਦੀ ਕੀਮਤ 7.26 ਰੁਪਏ ਤੋਂ ਵਧ ਕੇ 10.89 ਰੁਪਏ ਪ੍ਰਤੀ ਮਿਲੀਲੀਟਰ ਹੋ ਗਈ ਹੈ। ਇਸੇ ਤਰ੍ਹਾਂ ਕਾਰਬੋਪਲਾਟਿਨ ਦੀ ਕੀਮਤ ਟੈਕਸ ਛੱਡ ਕੇ 60.49 ਰੁਪਏ ਤੋਂ ਵਧ ਕੇ 90.74 ਰੁਪਏ ਪ੍ਰਤੀ ਮਿਲੀਲੀਟਰ ਕਰ ਦਿੱਤੀ ਗਈ ਹੈ। ਇਹ ਦਵਾਈਆਂ ਓਵੇਰੀਅਨ ਕੈਂਸਰ, ਫੇਫੜਿਆਂ ਦੇ ਕੈਂਸਰ ਅਤੇ ਬਲੈਡਰ ਕੈਂਸਰ ਦੇ ਇਲਾਜ ਲਈ ਬਹੁਤ ਮਹੱਤਵਪੂਰਨ ਹਨ।

ਕੀਮਤਾਂ ਵਧਾਉਣ ਦਾ ਮੁੱਖ ਕਾਰਨ ਪਲੈਟੀਨਮ (ਚਿੱਟੀ ਧਾਤ) ਦੀ ਕੱਚੀ ਸਮੱਗਰੀ ਦੀਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਸਮਾਨੀ ਚੜ੍ਹੀਆਂ ਕੀਮਤਾਂ ਹਨ। ਭਾਰਤ ਇਸ ਧਾਤ ਦੀ ਆਯਾਤ ਲਈ ਪੂਰੀ ਤਰ੍ਹਾਂ ਵਿਦੇਸ਼ਾਂ ’ਤੇ ਨਿਰਭਰ ਹੈ।

ਦੱਖਣੀ ਅਫਰੀਕਾ ਵਰਗੇ ਮੁੱਖ ਉਤਪਾਦਕ ਦੇਸ਼ਾਂ ਤੋਂ ਸਪਲਾਈ ਘਟਣ ਅਤੇ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ, ਜਿਸ ਨਾਲ ਭਾਰਤ ਵਿੱਚ ਇਨ੍ਹਾਂ ਦਵਾਈਆਂ ਦੀ ਉਤਪਾਦਨ ਅਤੇ ਸਪਲਾਈ ਬੁਰੀ ਤਰ੍ਹਾਂ ਘਟ ਗਈ ਸੀ।NPPA ਨੇ ਕਿਹਾ ਹੈ ਕਿ ਇਹ ਇੱਕ ਵਾਰ ਦਾ ਸੋਧ ਫੈਸਲਾ ਹੈ ਤਾਂ ਜੋ ਦਵਾਈਆਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਸਕੇ। ਇਸ ਤੋਂ ਬਾਅਦ 6 ਮਹੀਨਿਆਂ ਵਿੱਚ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਇਹ ਦਵਾਈਆਂ ਸਿਪਲਾ, ਇੰਟਾਸ, ਨੈਪ੍ਰੋਡ ਅਤੇ ਵੀਨਸ ਰਿਮੈਡੀਜ਼ ਵਰਗੀਆਂ ਕੰਪਨੀਆਂ ਬਣਾਉਂਦੀਆਂ ਹਨ।