ਜੇ ਤੁਹਾਡਾ ਆਧਾਰ ਕਾਰਡ ਗੁਆਚ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ। UIDAI ਨੇ ਆਪਣੇ ਆਧਾਰ ਨੰਬਰ ਨੂੰ ਮੁੜ ਪ੍ਰਾਪਤ ਕਰਨ ਲਈ ਕਈ ਆਸਾਨ ਤਰੀਕੇ ਉਪਲਬਧ ਕਰਵਾਏ ਹਨ। ਤੁਸੀਂ ਘਰ ਬੈਠੇ ਵੈਬਸਾਈਟ, SMS, ਈਮੇਲ, ਮਾਈ-ਆਧਾਰ ਐਪ ਜਾਂ ਫੋਨ ਰਾਹੀਂ ਇਸ ਨੂੰ ਆਸਾਨੀ ਨਾਲ ਜਾਣ ਸਕਦੇ ਹੋ। ਇਹ ਸਭ ਪ੍ਰਕਿਰਿਆਵਾਂ ਮੁਫ਼ਤ ਅਤੇ ਕੁਝ ਮਿੰਟਾਂ ਵਿੱਚ ਪੂਰੀਆਂ ਹੋ ਜਾਂਦੀਆਂ ਹਨ।
ਵੈਬਸਾਈਟ ਰਾਹੀਂ ਆਧਾਰ ਨੰਬਰ ਰਿਕਵਰ ਕਰਨ ਲਈ UIDAI ਦੀ ਅਧਿਕਾਰਿਕ ਵੈਬਸਾਈਟ ‘ਤੇ ਜਾਓ। “My Aadhaar” ਸੈਕਸ਼ਨ ਵਿੱਚ “Retrieve Aadhaar Number” ਉਪਰ ਕਲਿੱਕ ਕਰੋ। ਇਸ ਤੋਂ ਬਾਅਦ ਆਧਾਰ ਕਾਰਡ ਵਾਲਾ ਆਪਣਾ ਪੂਰਾ ਨਾਮ, ਰਜਿਸਟਰਡ ਮੋਬਾਈਲ ਨੰਬਰ ਅਤੇ ਕੈਪਚਾ ਭਰੋ। “Send OTP” ਉਪਰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਫੋਨ ‘ਤੇ ਇੱਕ OTP ਆਵੇਗਾ। ਉਸ OTP ਨੂੰ ਭਰ ਕੇ ਅੱਗੇ ਵਧੋ। ਇਸ ਤੋਂ ਬਾਅਦ ਤੁਹਾਡੀ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ ਅਤੇ ਤੁਸੀਂ ਆਧਾਰ ਕਾਰਡ ਡਾਊਨਲੋਡ ਵੀ ਕਰ ਸਕਦੇ ਹੋ। ਇਹ ਤਰੀਕਾ ਸਭ ਤੋਂ ਆਸਾਨ ਅਤੇ ਤੇਜ਼ ਹੈ।
ਈਮੇਲ ਰਾਹੀਂ ਵੀ ਆਧਾਰ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ getdetail.aadhaar@gmail.com ਉਪਰ ਈਮੇਲ ਭੇਜੋ। ਸਬਜੈਕਟ ਖਾਲੀ ਰੱਖੋ ਅਤੇ ਈਮੇਲ ਵਿੱਚ ਆਪਣਾ ਨਾਮ, UID (ਜੇ ਪਤਾ ਹੋਵੇ) ਅਤੇ ਪਿਨ ਕੋਡ ਲਿਖੋ। 24 ਘੰਟਿਆਂ ਦੇ ਅੰਦਰ ਤੁਹਾਨੂੰ ਜਵਾਬ ਮਿਲ ਜਾਵੇਗਾ। ਇਸ ਤੋਂ ਇਲਾਵਾ IVRS ਸੇਵਾ ਰਾਹੀਂ 1947 ਉਪਰ ਕਾਲ ਕਰੋ। ਵੌਇਸ ਕਮਾਂਡਾਂ ਦੀ ਪਾਲਣਾ ਕਰਕੇ ਤੁਸੀਂ ਆਧਾਰ ਨਾਲ ਜੁੜੀ ਜਾਣਕਾਰੀ ਆਸਾਨੀ ਨਾਲ ਸੁਣ ਸਕਦੇ ਹੋ। ਇਹ ਵਿਧੀ ਬਜ਼ੁਰਗਾਂ ਅਤੇ ਘੱਟ ਟੈਕਨੋਲੋਜੀ ਵਾਲੇ ਲੋਕਾਂ ਲਈ ਬਹੁਤ ਉਪਯੋਗੀ ਹੈ।
ਜੇ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ ਉਪਲਬਧ ਨਾ ਹੋਵੇ ਤਾਂ ਨਜ਼ਦੀਕੀ ਆਧਾਰ ਐਨਰੋਲਮੈਂਟ ਸੈਂਟਰ ‘ਤੇ ਜਾਓ। ਉੱਥੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ (ਉਂਗਲੀਆਂ ਦੀਆਂ ਛਾਪਾਂ ਜਾਂ ਆਖਾਂ) ਰਾਹੀਂ ਤੁਹਾਡਾ ਆਧਾਰ ਨੰਬਰ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ UIDAI ਹੈਲਪਲਾਈਨ 1947 ਉਪਰ ਵੀ ਸੰਪਰਕ ਕਰ ਸਕਦੇ ਹੋ। ਉੱਥੋਂ ਲੋੜੀਂਦੀ ਮਦਦ ਅਤੇ ਗਾਈਡੈਂਸ ਮਿਲ ਜਾਵੇਗੀ।
ਮਾਹਿਰਾਂ ਅਨੁਸਾਰ ਆਧਾਰ ਨਾਲ ਜੁੜਿਆ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਹਮੇਸ਼ਾ ਅਪਡੇਟ ਰੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਇਸ ਤਰ੍ਹਾਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖ ਸਕਦੇ ਹੋ ਅਤੇ ਲੋੜ ਪੈਣ ‘ਤੇ ਤੁਰੰਤ ਐਕਸੈੱਸ ਕਰ ਸਕਦੇ ਹੋ। ਆਧਾਰ ਨੰਬਰ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਇਸ ਲਈ ਇਸ ਨੂੰ ਸੰਭਾਲ ਕੇ ਰੱਖੋ ਅਤੇ ਲੋੜੀਂਦੀਆਂ ਜਾਣਕਾਰੀਆਂ ਨੂੰ ਸਮੇਂ ਸਿਰ ਅਪਡੇਟ ਕਰਦੇ ਰਹੋ। ਇਨ੍ਹਾਂ ਸਧਾਰਨ ਤਰੀਕਿਆਂ ਨਾਲ ਤੁਸੀਂ ਬਿਨਾਂ ਕਿਸੇ ਤਕਲੀਫ ਤੋਂ ਆਪਣਾ ਆਧਾਰ ਨੰਬਰ ਰਿਕਵਰ ਕਰ ਸਕਦੇ ਹੋ।

