ਲੁਧਿਆਣਾ ਦੇ ਸਭ ਤੋਂ ਵਿਅਸਤ ਜਲੰਧਰ ਬਾਈਪਾਸ ਚੌਰਾਹੇ ਤੇ ਇੱਕ ਡਿਊਟੀ ਤੇ ਤਾਇਨਾਤ ਟ੍ਰੈਫਿਕ ਪੁਲਿਸ ਕਰਮਚਾਰੀ ਦੀ ਰਿਸ਼ਵਤ ਲੈਂਦੇ ਹੋਏ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਵਾਲਾ ਇੱਕ ਡਰਾਈਵਰ ਨੂੰ ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲਈ ਸੌਦੇਬਾਜ਼ੀ ਕਰ ਰਿਹਾ ਹੈ।
ਸਭ ਤੋਂ ਚਰਚਾ ਵਾਲੀ ਗੱਲ ਇਹ ਹੈ ਕਿ ਰਿਸ਼ਵਤ ਨਕਦੀ ਰੂਪ ਵਿੱਚ ਨਾ ਲੈ ਕੇ ਨੇੜੇ ਖੜ੍ਹੇ ਇੱਕ ਰੇਹੜੀ ਵਾਲੇ ਦੇ ਕਿਊਆਰ ਕੋਡ ਰਾਹੀਂ ਯੂਪੀਆਈ ਟ੍ਰਾਂਸਫਰ ਕਰਵਾਈ ਗਈ। ਇਸ ਨਾਲ ਸਿੱਧਾ ਲੈਣ-ਦੇਣ ਦਾ ਕੋਈ ਸਬੂਤ ਨਾ ਰਹੇ। ਸ਼ੁਰੂ ਵਿੱਚ ਪੁਲਿਸ ਵਾਲੇ ਨੇ 500 ਰੁਪਏ ਮੰਗੇ, ਪਰ ਬਾਅਦ ਵਿੱਚ ਮਾਮਲਾ 300 ਰੁਪਏ ਵਿੱਚ ਫੈਸਲਾ ਹੋ ਗਿਆ। ਡਰਾਈਵਰ ਨੇ ਰੇਹੜੀ ਵਾਲੇ ਕੋਲ ਜਾ ਕੇ ਕਿਊਆਰ ਕੋਡ ਸਕੈਨ ਕਰਵਾਇਆ ਅਤੇ ਪੈਸੇ ਟ੍ਰਾਂਸਫਰ ਕਰਵਾਏ। ਰੇਹੜੀ ਵਾਲਾ ਆਪਣਾ ਖਾਤਾ ਚੈੱਕ ਕਰਦਾ ਰਿਹਾ ਅਤੇ ਟ੍ਰਾਂਸਫਰ ਦੀ ਪੁਸ਼ਟੀ ਕੀਤੀ।
ਡਰਾਈਵਰ ਨੇ ਰਿਸ਼ਵਤ ਦੇਣ ਤੋਂ ਬਾਅਦ ਧੰਨਵਾਦ ਵੀ ਕਿਹਾ।ਇਸ ਘਟਨਾ ਨੇ ਟ੍ਰੈਫਿਕ ਪੁਲਿਸ ਵਿਭਾਗ ਵਿੱਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਖਾਸ ਕਰ ਕੇ ਨਾਰਾਜ਼ ਹਨ ਕਿਉਂਕਿ ਇੱਕ ਡਿਊਟੀ ਤੇ ਤਾਇਨਾਤ ਅਧਿਕਾਰੀ ਇਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਲੁਧਿਆਣਾ ਪੁਲਿਸ ਵੱਲੋਂ ਕੋਈ ਔਫਿਸ਼ਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਉਸ ਪੁਲਿਸ ਕਰਮਚਾਰੀ ਖਿਲਾਫ ਕੋਈ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ ਅਤੇ ਪੁਲਿਸ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਹ ਘਟਨਾ ਇੱਕ ਵਾਰ ਫਿਰ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਭ੍ਰਿਸ਼ਟਾਚਾਰ ਅਜੇ ਵੀ ਵਿਭਾਗੀ ਪੱਧਰ ਤੇ ਮੌਜੂਦ ਹੈ ਅਤੇ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।

