Punjab Religion

ਸੁਖਬੀਰ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਪਹੁੰਚੀ ਸ਼ਿਕਾਇਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਰੋਧੀ ਧਿਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਮੈਂਬਰਾਂ ਦੇ ਵਫਦ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਦੇ ਕੇ ਸੁਖਬੀਰ ਸਿੰਘ ਬਾਦਲ ਨੂੰ ਫੌਰੀ ਤੌਰ ‘ਤੇ ਤਲਬ ਕਰਨ ਦੀ ਮੰਗ ਕੀਤੀ ਹੈ।

ਮਾਸਟਰ ਕਾਹਨੇਕੇ ਨੇ ਦੱਸਿਆ ਕਿ 6 ਅਪ੍ਰੈਲ ਨੂੰ ਅਕਾਲੀ ਦਲ ਬਾਦਲ ਦੀ ਰੈਲੀ ਵਿੱਚ ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮਿਆਂ ਨੂੰ ‘ਸਾਜਿਸ਼’ ਕਰਾਰ ਦਿੱਤਾ ਗਿਆ ਸੀ। ਇਸ ਲਈ ਵਫਦ ਨੇ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਤਲਬ ਕਰਕੇ ਉਸ ਤੋਂ ਇਸ ਬਿਆਨ ਦੇ ਸਬੂਤ ਮੰਗੇ ਜਾਣ ਅਤੇ ਜੇਕਰ ਗਲਤ ਬਿਆਨੀ ਸਾਬਤ ਹੋਈ ਤਾਂ ਉਸਨੂੰ ਪੰਥ ਵਿੱਚੋਂ ਛੇਕਿਆ ਜਾਵੇ।

ਪੱਤਰ ਵਿੱਚ ਇਹ ਵੀ ਮੰਗ ਰੱਖੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਵੀ ਜਵਾਬ ਤਲਬ ਕੀਤਾ ਜਾਵੇ ਕਿ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਪੰਜ ਪ੍ਰਧਾਨੀ ਪਰੰਪਰਾ ਦੀ ਤੌਹੀਨ ਕਿਸ ਮਜਬੂਰੀ ਤਹਿਤ ਸਹਿਣ ਕੀਤੀ।

ਇਸ ਵਫਦ ਵਿੱਚ ਮਾਸਟਰ ਮਿੱਠੂ ਸਿੰਘ ਕਾਹਨੇਕੇ ਤੋਂ ਇਲਾਵਾ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਤੇਜਾ ਸਿੰਘ ਕਮਾਲਪੁਰ, ਨਿਰਮੈਲ ਸਿੰਘ ਜੌਲਾਂ ਆਦਿ ਮੈਂਬਰ ਸ਼ਾਮਲ ਸਨ। ਇਸ ਮੰਗ ਨਾਲ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਿੱਚ ਵਿਵਾਦ ਵਧਣ ਦੀ ਸੰਭਾਵਨਾ ਵਧ ਗਈ ਹੈ। ਵਫਦ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।