ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਵਿੱਚ ਚੱਲ ਰਿਹਾ ਲੰਬੇ ਸਮੇਂ ਦਾ ਸਮਾਣਾ ਟਾਵਰ ਮੋਰਚਾ ਆਖਿਰਕਾਰ ਜੇਤੂ ਅੰਦਾਜ਼ ਵਿੱਚ ਸਮਾਪਤ ਹੋ ਗਿਆ। ਗੁਰਜੀਤ ਸਿੰਘ ਖ਼ਾਲਸਾ 18 ਮਹੀਨਿਆਂ ਤੋਂ ਵੱਧ ਸਮੇਂ ਤੱਕ ਬੀ.ਐਸ.ਐਨ.ਐਲ. ਦੇ ਲਗਭਗ 400 ਫੁੱਟ ਉੱਚੇ ਟਾਵਰ ਉੱਤੇ ਰਹਿ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਅੱਜ ਸਵੇਰੇ ਪਟਿਆਲਾ ਪ੍ਰਸ਼ਾਸਨ ਅਤੇ ਭਾਰਤੀ ਫੌਜ ਦੀ ਸਾਂਝੀ ਕਾਰਵਾਈ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ। ਇਹ ਪੂਰਾ ਅਪਰੇਸ਼ਨ ਲਗਭਗ 30 ਮਿੰਟਾਂ ਵਿੱਚ ਕਾਮਯਾਬੀ ਨਾਲ ਪੂਰਾ ਕੀਤਾ ਗਿਆ।
ਜੈਕਾਰਿਆਂ ਦੀ ਗੂੰਜ ਨਾਲ ਹੇਠਾਂ ਉਤਰੇ ਗੁਰਜੀਤ ਸਿੰਘ ਖ਼ਾਲਸਾ
ਇਸ ਦੌਰਾਨ ਇੱਥੇ ਭਾਰੀ ਸਿੱਖ ਸੰਗਤ ਮੌਜੂਦ ਸੀ। ਗੁਰਜੀਤ ਸਿੰਘ ਖ਼ਾਲਸਾ ਦੇ ਹੇਠਾਂ ਉਤਰਨ ਦੌਰਾਨ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਬਚਾਅ ਕਾਰਵਾਈ ਦੌਰਾਨ ਫੌਜ ਅਤੇ ਪੁਲਿਸ ਦੀਆਂ ਵਾਧੂ ਟੀਮਾਂ ਮੌਕੇ ’ਤੇ ਤਾਇਨਾਤ ਸਨ। ਹਵਾ ਦੀ ਰਫ਼ਤਾਰ ਠੀਕ ਹੋਣ ਅਤੇ ਮੌਸਮ ਸਾਫ਼ ਹੋਣ ਕਾਰਨ ਹਾਈ-ਟੈਕ ਕ੍ਰੇਨ ਅਤੇ ਮਾਹਿਰ ਟੀਮ ਦੀ ਮਦਦ ਨਾਲ ਇਹ ਕਾਰਵਾਈ ਸਫ਼ਲ ਰਹੀ। ਟਾਵਰ ਤੋਂ ਹੇਠਾਂ ਆਉਂਦੇ ਹੀ ਗੁਰਜੀਤ ਸਿੰਘ ਖ਼ਾਲਸਾ ਨੇ ਪੂਰੇ ਜੋਸ਼ ਨਾਲ “ਮੈਂ ਚੜ੍ਹਦੀ ਕਲਾ ਵਿੱਚ ਹਾਂ” ਦੇ ਸ਼ਬਦ ਕਹੇ ਅਤੇ ਉਨ੍ਹਾਂ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਲੰਬੇ ਸੰਘਰਸ਼ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ।
ਅਕਤੂਬਰ 2024 ਨੂੰ ਟਾਵਰ ’ਤੇ ਚੜ੍ਹੇ ਸੀ ਗੁਰਜੀਤ ਸਿੰਘ ਖ਼ਾਲਸਾ
ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਖ਼ਾਲਸਾ ਅਕਤੂਬਰ 2024 ਵਿੱਚ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਥਿਤ ਟਾਵਰ ’ਤੇ ਚੜ੍ਹੇ ਸਨ। ਉਨ੍ਹਾਂ ਦਾ ਇਹ ਸੰਘਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸੀ। ਲਗਭਗ 560 ਦਿਨ ਤੱਕ ਟਾਵਰ ’ਤੇ ਰਹਿ ਕੇ ਉਨ੍ਹਾਂ ਨੇ ਆਪਣੇ ਅਡੋਲ ਸੰਕਲਪ ਅਤੇ ਧਾਰਮਿਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।
ਇਹ ਮੋਰਚਾ ਉਸ ਸਮੇਂ ਇੱਕ ਵੱਡੀ ਜਿੱਤ ਵਿੱਚ ਬਦਲਿਆ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ “ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026” ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਕਾਨੂੰਨੀ ਮਨਜ਼ੂਰੀ ਤੋਂ ਬਾਅਦ ਖ਼ਾਲਸਾ ਨੇ ਆਪਣਾ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਸੀ।
ਟਾਵਰ ’ਤੇ ਰਹਿੰਦੇ ਹੋਏ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਪਲਾਸਟਿਕ ਦੀ ਤਰਪਾਲ ਹੇਠ ਰਹਿੰਦੇ ਸਨ ਅਤੇ ਹਰ ਰੋਜ਼ ਸੇਵਾਦਾਰਾਂ ਵੱਲੋਂ ਇੱਕ ਵਾਰ ਹੀ ਭੋਜਨ ਅਤੇ ਪਾਣੀ ਪਹੁੰਚਾਇਆ ਜਾਂਦਾ ਸੀ। ਲੰਬੇ ਸਮੇਂ ਤੱਕ ਸਰੀਰਕ ਗਤੀਵਿਧੀ ਘੱਟ ਰਹਿਣ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਪੱਧਰ ਵੀ ਕਈ ਵਾਰ ਪ੍ਰਭਾਵਿਤ ਹੋਇਆ।
ਗੁਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰਾ ਝਟਕਾ ਦਿੱਤਾ ਸੀ। ਇਸ ਕਰਕੇ ਉਨ੍ਹਾਂ ਨੇ ਘਰ-ਪਰਿਵਾਰ ਛੱਡ ਕੇ ਇਹ ਲੰਮਾ ਸੰਘਰਸ਼ ਸ਼ੁਰੂ ਕੀਤਾ।
ਹੁਣ ਸਮਾਣਾ ਟਾਵਰ ਮੋਰਚਾ ਦੇ ਮੈਂਬਰਾਂ ਵੱਲੋਂ ਮੌਕੇ ’ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ, ਜਿਸ ਤੋਂ ਬਾਅਦ ਇਹ ਧਰਨਾ ਅਧਿਕਾਰਕ ਤੌਰ ’ਤੇ ਸਮਾਪਤ ਕਰ ਦਿੱਤਾ ਜਾਵੇਗਾ। ਇਹ ਮੋਰਚਾ ਸਿੱਖ ਸੰਗਤ ਦੀ ਅਟੱਲ ਸ਼ਰਧਾ ਅਤੇ ਸੰਘਰਸ਼ ਦੀ ਮਿਸਾਲ ਵਜੋਂ ਯਾਦ ਕੀਤਾ ਜਾਵੇਗਾ।

