International

ਜੰਗਬੰਦੀ ਤੋਂ ਬਾਅਦ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼, ਇੱਕ ਦਿਨ ’ਚ 254 ਲੋਕਾਂ ਦੀ ਮੌਤ

ਲਿਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਨੇ ਫਿਰ ਤੋਂ ਖੂਨੀ ਰੂਪ ਧਾਰ ਲਿਆ ਹੈ। ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਇਜ਼ਰਾਈਲ ਨੇ ਲਿਬਨਾਨ ਉੱਤੇ ਵੱਡੇ ਪੱਧਰ ‘ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਬੁੱਧਵਾਰ ਨੂੰ ਹੋਏ ਇਸ ਹਮਲਿਆਂ ਵਿੱਚ ਇੱਕ ਦਿਨ ਵਿੱਚ ਹੀ 254 ਲੋਕਾਂ ਦੀ ਮੌਤ ਹੋ ਗਈ ਅਤੇ 1,165 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਲੇਬਨਾਨ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।

ਬੇਰੂਤ ਵਿੱਚ ਇਜ਼ਰਾਈਲੀ ਹਮਲੇ ਤੋਂ ਬਾਅਦ ਪੂਰੀ ਇਮਾਰਤ ਢਹਿ ਗਈ

ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 10 ਮਿੰਟਾਂ ਦੇ ਅੰਦਰ ਲਿਬਨਾਨ ਵਿੱਚ ਹੈਜ਼ਬੋਲਾਹ ਦੇ 100 ਤੋਂ ਵੱਧ ਟਿਕਾਣਿਆਂ ਉੱਤੇ ਹਮਲਾ ਕੀਤਾ। ਇਹ ਹਮਲੇ ਬੇਰੂਤ ਦੇ ਦੱਖਣੀ ਇਲਾਕਿਆਂ, ਬੇਕਾਆ ਘਾਟੀ ਅਤੇ ਦੱਖਣੀ ਲੇਬਨਾਨ ਵਿੱਚ ਹੋਏ। ਬੇਰੂਤ ਦੇ ਚੀਆਹ ਖੇਤਰ ਵਿੱਚ ਇੱਕ ਇਮਾਰਤ ਪੂਰੀ ਤਰ੍ਹਾਂ ਢਹਿ ਗਈ।

ਬਚਾਅ ਕਰਮਚਾਰੀ ਫਲੈਸ਼ਲਾਈਟਾਂ ਨਾਲ ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲਿਬਨਾਨੀ ਸਿਹਤ ਵਿਭਾਗ ਅਤੇ ਸਿਵਲ ਡਿਫੈਂਸ ਨੇ ਇਸ ਨੂੰ ਇੱਕ ਬਹੁਤ ਵੱਡੀ ਤਬਾਹੀ ਦੱਸਿਆ ਹੈ। ਹਸਪਤਾਲਾਂ ਉੱਤੇ ਭਾਰੀ ਦਬਾਅ ਪੈ ਰਿਹਾ ਹੈ ਅਤੇ ਘਾਇਲਾਂ ਦਾ ਇਲਾਜ ਕਰਨ ਲਈ ਅੰਤਰਰਾਸ਼ਟਰੀ ਮਦਦ ਦੀ ਅਪੀਲ ਕੀਤੀ ਗਈ ਹੈ।

ਲਿਬਨਾਨ ਦੇ ਪ੍ਰਧਾਨ ਮੰਤਰੀ ਨਵਾਫ ਸਲਾਮ ਨੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਲਈ ਸਾਰੀਆਂ ਰਾਜਨੀਤਿਕ ਅਤੇ ਕੂਟਨੀਤਕ ਕੋਸ਼ਿਸ਼ਾਂ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੇਬਨਾਨ ਨੂੰ ਖੇਤਰੀ ਸ਼ਾਂਤੀ ਸਮਝੌਤੇ ਵਿੱਚ ਸ਼ਾਮਲ ਕਰਵਾਉਣ ਲਈ ਯਤਨ ਕਰ ਰਹੇ ਹਨ।

ਇਰਾਨ-ਅਮਰੀਕੇ ਦੇ ਸਮਝੌਤੇ ਚ ਲਿਬਨਾਨ ਨਹੀਂ ਸੀ ਸ਼ਾਮਲ – ਅਮਰੀਕਾ

ਜੰਗਬੰਦੀ ਤੋਂ ਬਾਅਦ ਵੀ ਲੇਬਨਾਨ ਉੱਤੇ ਹਮਲੇ ਜਾਰੀ ਰਹਿਣ ਕਾਰਨ ਵਿਵਾਦ ਡੂੰਘਾ ਹੋ ਗਿਆ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸਾਫ਼ ਕੀਤਾ ਹੈ ਕਿ ਅਮਰੀਕਾ-ਈਰਾਨ ਜੰਗਬੰਦੀ ਵਿੱਚ ਲਿਬਨਾਨ ਸ਼ਾਮਲ ਨਹੀਂ ਹੈ। ਅਮਰੀਕੀ ਉਪ ਰਾਸ਼ਟਰਪਤੀ ਵੈਂਸ ਨੇ ਕਿਹਾ, “ਅਸੀਂ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਸੀ।”

ਪਾਕਿਸਤਾਨ ਨੇ ਸਾਰੇ ਦੇਸ਼ਾਂ ਨੂੰ ਜੰਗਬੰਦੀ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਇਸ ਤੋਂ ਉਲਟ ਪਾਕਿਸਤਾਨ, ਜਿਸ ਨੇ ਇਸ ਸਮਝੌਤੇ ਵਿੱਚ ਵਿਚੋਲਗੀ ਦੀ ਸੀ, ਨੇ ਸਾਰੀਆਂ ਧਿਰਾਂ ਨੂੰ ਜੰਗਬੰਦੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਜੇ ਹਮਲੇ ਨਾ ਰੁਕੇ ਤਾਂ ਜਵਾਬੀ ਕਾਰਵਾਈ ਕਰਾਂਗੇ – ਇਰਾਨ

ਈਰਾਨ ਨੇ ਇਸ ਸਥਿਤੀ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਜੰਗਬੰਦੀ ਲਾਗੂ ਕਰਵਾਉਣੀ ਹੈ ਜਾਂ ਇਜ਼ਰਾਈਲ ਰਾਹੀਂ ਜੰਗ ਜਾਰੀ ਰੱਖਣੀ ਹੈ।

ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਕੀਤਾ ਬੰਦ

ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਫਿਰ ਤੋਂ ਬੰਦ ਕਰ ਦਿੱਤਾ ਹੈ, ਜੋ ਕਿ ਤੇਲ ਆਵਾਜਾਈ ਲਈ ਬਹੁਤ ਮਹੱਤਵਪੂਰਨ ਮਾਰਗ ਹੈ। ਇਸ ਕਾਰਨ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਹੈ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਹਮਲੇ ਨਾ ਰੁਕੇ ਤਾਂ ਉਹ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਇਜ਼ਰਾਈਲੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਸੈਂਕੜੇ ਨਾਗਰਿਕਾਂ ਦੀ ਮੌਤ ਹੋਈ ਅਤੇ ਬੱਚਿਆਂ ਸਮੇਤ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਲਿਬਨਾਨ ਵਿੱਚ ਚੱਲ ਰਹੀਆਂ ਫੌਜੀ ਗਤੀਵਿਧੀਆਂ ਅਮਰੀਕਾ-ਈਰਾਨ ਜੰਗਬੰਦੀ ਲਈ ਵੱਡਾ ਖਤਰਾ ਬਣ ਰਹੀਆਂ ਹਨ। ਗੁਟੇਰੇਸ ਨੇ ਸਾਰੀਆਂ ਧਿਰਾਂ ਨੂੰ ਤੁਰੰਤ ਦੁਸ਼ਮਣੀ ਖਤਮ ਕਰਨ ਅਤੇ ਗੱਲਬਾਤ ਰਾਹੀਂ ਹੱਲ ਲੱਭਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟਕਰਾਅ ਦਾ ਕੋਈ ਫੌਜੀ ਹੱਲ ਨਹੀਂ ਹੈ, ਸਿਰਫ਼ ਕੂਟਨੀਤੀ ਹੀ ਰਾਹ ਹੈ।

ਹੋਰਮੁਜ਼ ਜਲਡਮਰੂ ਵਿੱਚ ਲਾਪਤਾ ਤਿੰਨ ਥਾਈ ਮਲਾਹਾਂ ਦੀ ਮੌਤ ਦੀ ਪੁਸ਼ਟੀ ਹੋਈ

ਇਸੇ ਦੌਰਾਨ ਹੋਰਮੁਜ਼ ਜਲਡਮਰੂ ਵਿੱਚ ਪਿਛਲੇ ਮਹੀਨੇ ਹੋਏ ਇੱਕ ਹਮਲੇ ਵਿੱਚ ਲਾਪਤਾ ਹੋਏ ਤਿੰਨ ਥਾਈ ਮਲਾਹਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ। ਮਾਰਚ ਮਹੀਨੇ ਵਿੱਚ ਥਾਈ ਝੰਡੇ ਵਾਲੇ ਜਹਾਜ਼ ‘ਮਯੂਰੀ ਨਾਰੀ’ ਉੱਤੇ ਹਮਲਾ ਹੋਇਆ ਸੀ, ਜਿਸ ਵਿੱਚ 23 ਚਾਲਕ ਦਲ ਦੇ ਮੈਂਬਰ ਸਨ। 20 ਲੋਕਾਂ ਨੂੰ ਬਚਾਇਆ ਗਿਆ ਸੀ, ਪਰ ਤਿੰਨ ਲਾਪਤਾ ਸਨ। ਥਾਈ ਮੰਤਰੀ ਇਸ ਮਹੀਨੇ ਓਮਾਨ ਦਾ ਦੌਰਾ ਕਰਕੇ ਫਸੇ ਹੋਏ ਥਾਈ ਜਹਾਜ਼ਾਂ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਦੀ ਮੰਗ ਕਰਨਗੇ।

ਇਸ ਸਥਿਤੀ ਨੇ ਪੂਰੇ ਮੱਧ ਪੂਰਬ ਵਿੱਚ ਤਣਾਅ ਵਧਾ ਦਿੱਤਾ ਹੈ। ਲੇਬਨਾਨ ਵਿੱਚ ਨਾਗਰਿਕਾਂ ਦੀਆਂ ਜਾਨਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਖੇਤਰੀ ਸ਼ਾਂਤੀ ਲਈ ਗੰਭੀਰ ਚੁਣੌਤੀ ਖੜ੍ਹੀ ਹੋ ਗਈ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਹਸਤਕਸ਼ੇਪ ਕਰਕੇ ਹਮਲੇ ਰੋਕਣ ਅਤੇ ਗੱਲਬਾਤ ਰਾਹੀਂ ਸਥਿਤੀ ਨੂੰ ਨਿਯੰਤਰਣ ਵਿੱਚ ਲਿਆਉਣ ਦੀ ਲੋੜ ਹੈ।