ਅੱਜ ਜਲੰਧਰ ਵਿਚ ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਗੰਭੀਰ ਧਮਕੀਆਂ ਭਰੀਆਂ ਈਮੇਲਾਂ ਮਿਲੀਆਂ। ਜਾਣਕਾਰੀ ਮੁਤਾਬਕ ਡੀਪੀਐਸ ਸਕੂਲ, ਮੇਅਰ ਵਰਲਡ ਸਕੂਲ ਅਤੇ ਜਲੰਧਰ ਦੇ ਇੱਕ ਹੋਰ ਡੀਪੀਐਸ ਸਕੂਲ ਸਮੇਤ ਹੋਰ ਥਾਵਾਂ ਨੂੰ ਈਮੇਲ ਰਾਹੀਂ ਧਮਕੀਆਂ ਭੇਜੀਆਂ ਗਈਆਂ।
ਈਮੇਲਾਂ ਵਿਚ ਅਪਮਾਨਜਨਕ ਭਾਸ਼ਾ ਵਰਤੀ ਗਈ ਅਤੇ ਮਾਪਿਆਂ ਨੂੰ “ਆਪਣੇ ਬੱਚਿਆਂ ਨੂੰ ਬਚਾਓ” ਵਰਗਾ ਸੁਨੇਹਾ ਦਿੱਤਾ ਗਿਆ। ਧਮਕੀ ਵਿਚ ਲਿਖਿਆ ਗਿਆ ਕਿ ਜਲੰਧਰ ਦੇ ਸਕੂਲਾਂ ਵਿਚ ਬੰਬ ਧਮਾਕੇ ਹੋਣਗੇ। ਬੰਬਾਂ ਅਤੇ ਗ੍ਰਨੇਡਾਂ ਨਾਲ ਹਮਲਾ ਹੋਵੇਗਾ। ਸਕੂਲਾਂ ਵਿਚ ਦੁਪਹਿਰ 1.11 ਵਜੇ ਅਤੇ ਮੇਅਰ ਦੇ ਦਫ਼ਤਰ ਵਿਚ ਦੁਪਹਿਰ 2.11 ਵਜੇ ਬੰਬ ਫਟਣਗੇ। ਈਮੇਲ ਵਿਚ ਇਹ ਵੀ ਕਿਹਾ ਗਿਆ ਕਿ “ਪੰਜਾਬ ਹੁਣ ਖਾਲਿਸਤਾਨ ਬਣ ਜਾਵੇਗਾ। ਦੇਸ਼ ਵਿਭਾਜਨ ਸ਼ੁਰੂ ਕਰੋ, ਜਨ-ਗਣ-ਮਨ ਬੰਦ ਕਰੋ।”
ਧਮਕੀ ਭੇਜਣ ਵਾਲੇ ਨੇ ਆਪਣੇ ਆਪ ਨੂੰ ਖਾਲਿਸਤਾਨ ਨੈਸ਼ਨਲ ਆਰਮੀ ਦੱਸਿਆ ਅਤੇ ਇੰਜੀਨੀਅਰ ਗੁਰਨਾਖ ਸਿੰਘ, ਰੁਕਨਸ਼ਾਹ ਵਾਲਾ, ਡਾ. ਗੁਰਨਿਰਬੈਰ ਸਿੰਘ ਤੇ ਖਾਨ ਰਜਾਦਾ ਵਰਗੇ ਨਾਮ ਲਿਖੇ। ਈਮੇਲ ਵਿਚ ਲਿਖਿਆ ਗਿਆ ਕਿ ਖਾਲਿਸਤਾਨ ਬੱਚਿਆਂ ਵਿਰੋਧੀ ਨਹੀਂ ਹੈ, ਪਰ ਅਸੀਂ ਭਾਰਤ ਦੀ ਮੋਦੀ ਸਰਕਾਰ ਨੂੰ ਤਬਾਹ ਕਰ ਦੇਵਾਂਗੇ। ਵੋਟਾਂ ਨਾਲ ਜਾਂ ਬੰਬਾਂ ਨਾਲ ਖਾਲਿਸਤਾਨ ਬਣਾਵਾਂਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਬੰਬ ਜਾਂ ਗ੍ਰਨੇਡ ਹਮਲਿਆਂ ਵਿਚ ਮਾਰਨ ਦੀ ਧਮਕੀ ਵੀ ਦਿੱਤੀ ਗਈ। 14 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਡਾ. ਅੰਬੇਡਕਰ ਦੇ ਬੁੱਤ ਨੂੰ ਬੰਬ ਨਾਲ ਤਬਾਹ ਕਰਨ ਦੀ ਗੱਲ ਵੀ ਈਮੇਲ ਵਿਚ ਸੀ।
ਸਕੂਲ ਪ੍ਰਬੰਧਨ ਅਤੇ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮਾਂ ਬੰਬ ਸਕੁਐਡ ਅਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚੀਆਂ ਅਤੇ ਸਕੂਲ ਅਹਾਤੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਈਮੇਲਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਵੀ ਜਾਂਚ ਵਿਚ ਸ਼ਾਮਲ ਹੈ। ਮਾਪੇ ਲਗਾਤਾਰ ਆ ਰਹੀਆਂ ਧਮਕੀਆਂ ਤੋਂ ਬਹੁਤ ਚਿੰਤਤ ਹਨ।

