ਚੰਡੀਗੜ੍ਹ (15 ਮਾਰਚ, 2026): ਪੰਜਾਬੀ ਗਾਇਕ ਕਰਨ ਔਜਲਾ ਨੇ ਚੰਡੀਗੜ੍ਹ ਵਿੱਚ ਆਪਣੇ ਲਾਈਵ ਕੰਸਰਟ ਦੌਰਾਨ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਆਮ ਤੌਰ ’ਤੇ ਕਲਾਕਾਰ ਆਪਣੀ ਸਟੇਜ ਤੇ’ ਵੱਡੇ ਸਿਤਾਰਿਆਂ ਨੂੰ ਮਹਿਮਾਨ ਵਜੋਂ ਬੁਲਾਉਂਦੇ ਹਨ, ਪਰ ਕਰਨ ਔਜਲਾ ਨੇ ਫਾਜ਼ਿਲਕਾ ਤੋਂ ਆਏ ਇੱਕ ਹੜ੍ਹ ਪੀੜਤ ਪਰਿਵਾਰ ਨੂੰ ਸਟੇਜ ’ਤੇ ਲਿਆ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਕਰਨ ਔਜਲਾ ਨੇ ਸਟੇਜ ਤੋਂ ਕਿਹਾ ਕਿ ਇਹ ਪਰਿਵਾਰ ਉਨ੍ਹਾਂ ਹਜ਼ਾਰਾਂ ਪਰਿਵਾਰਾਂ ‘ਚੋਂ ਇੱਕ ਹੈ, ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਬੇਘਰ ਹੋ ਗਏ ਸਨ। ਔਜਲਾ ਨੇ ‘ਗਲੋਬਲ ਸਿੱਖ’ ਸੰਸਥਾ ਦੇ ਅਮਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਨ੍ਹਾਂ ਬੱਚੀਆਂ ਅਤੇ ਪਰਿਵਾਰ ਦੇ ਸਿਰ ’ਤੇ ਅੱਜ ਤੁਹਾਡੇ ਪਿਆਰ ਸਦਕਾ ਛੱਤ ਮੌਜੂਦ ਹੈ। ਉਨ੍ਹਾਂ ਕਿਹਾ, “ਮੈਂ ਅੱਜ ਕਿਸੇ ਵੀ ਕਲਾਕਾਰ ਨੂੰ ਬੁਲਾ ਸਕਦਾ ਸੀ, ਪਰ ਮੈਂ ਇਨ੍ਹਾਂ ਨੂੰ ਇਸ ਲਈ ਲਿਆਇਆ ਹਾਂ ਤਾਂ ਜੋ ਤੁਸੀਂ ਭੁੱਲ ਨਾ ਜਾਓ ਕਿ ਅਜੇ ਵੀ ਬਹੁਤ ਸਾਰੇ ਲੋਕ ਬੇਘਰ ਹਨ।”
ਪੰਜਾਬੀਆਂ ਨੂੰ ਅਪੀਲ
ਕਰਨ ਔਜਲਾ ਨੇ ਭਰਵੀਂ ਸਭਾ ਵਿੱਚ ਪਰਿਵਾਰ ਨਾਲ ਵਾਅਦਾ ਕਰਦਿਆਂ ਕਿਹਾ ਕਿ ਉਹ ਅਤੇ ਪੂਰਾ ਪੰਜਾਬ ਇਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਪਰਿਵਾਰ ਦਾ ਸਾਥ ਦੇਣ ਦਾ ਨਾਅਰਾ ਲਗਾਉਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਜਿੰਨਾ ਚਿਰ ਉਨ੍ਹਾਂ ਨੂੰ ਚਾਹੁਣ ਵਾਲੇ ਮੌਜੂਦ ਹਨ, ਉਹ ਕਿਸੇ ਵੀ ਪੀੜਤ ਪਰਿਵਾਰ ਦੇ ਸਿਰ ਤੋਂ ਛੱਤ ਨਹੀਂ ਉੱਠਣ ਦੇਣਗੇ। ਕਰਨ ਔਜਲਾ ਦੇ ਇਸ ਕਦਮ ਦੀ ਸੋਸ਼ਲ ਮੀਡੀਆ ’ਤੇ ਭਰਪੂਰ ਸ਼ਲਾਘਾ ਹੋ ਰਹੀ ਹੈ।

