International

ਇਰਾਨ ’ਚ ਅੱਜ ਖ਼ਾਮਨੇਈ ਦਾ ਅੰਤਿਮ ਸੰਸਕਾਰ! ਪੁੱਤਰ ਨੂੰ ਐਲਾਨਿਆ ਜਾਵੇਗਾ ਨਵਾਂ ਸੁਪਰੀਮ ਲੀਡਰ

ਬਿਊਰੋ ਰਿਪੋਰਟ (4 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਅੱਜ ਤੋਂ ਸੁਪਰੀਮ ਲੀਡਰ ਅਯਾਤੁੱਲਾ ਖ਼ਾਮੇਨੇਈ ਦਾ ਤਿੰਨ ਦਿਨਾਂ ਅੰਤਿਮ ਸੰਸਕਾਰ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਬੇਟੇ ਨੂੰ ਇਰਾਨ ਦਾ ਨਵਾਂ ਸੁਪਰੀਮ ਲੀਡਰ ਐਲਾਨਿਆ ਜਾਵੇਗਾ।

ਸਕੂਲ ’ਤੇ ਹਮਲਾ ਅਤੇ UN ਦੀ ਮੰਗ

ਸੰਯੁਕਤ ਰਾਸ਼ਟਰ (UN) ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਦੱਖਣੀ ਇਰਾਨ ਵਿੱਚ ਇੱਕ ਕੁੜੀਆਂ ਦੇ ਸਕੂਲ ਤੇ ਹੋਏ ਭਿਆਨਕ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਸ਼ਨੀਵਾਰ ਨੂੰ ਹੋਏ ਇਸ ਹਮਲੇ ਵਿੱਚ 150 ਵਿਦਿਆਰਥਣਾਂ ਦੀ ਮੌਤ ਹੋ ਗਈ ਸੀ। UN ਮਨੁੱਖੀ ਅਧਿਕਾਰ ਮੁਖੀ ਵੋਲਕਰ ਤੁਰਕ ਨੇ ਇਸ ਮਾਮਲੇ ਦੀ ਜਲਦ ਅਤੇ ਨਿਰਪੱਖ ਜਾਂਚ ਤੇ ਜ਼ੋਰ ਦਿੱਤਾ ਹੈ।

ਅਮਰੀਕਾ ਅਤੇ ਇਜ਼ਰਾਈਲ ਦਾ ਪੱਖ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਸੈਨਾ ਜਾਣਬੁੱਝ ਕੇ ਕਿਸੇ ਸਕੂਲ ਨੂੰ ਨਿਸ਼ਾਨਾ ਨਹੀਂ ਬਣਾਉਂਦੀ। ਦੂਜੇ ਪਾਸੇ, ਇਜ਼ਰਾਈਲ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਇਹ ਹਮਲਾ ਉਸੇ ਦਿਨ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਸੀ।