Punjab

ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਕੁੰਵਰ ਵਿਜੇ ਪ੍ਰਤਾਪ ਦਾ ਧਮਾਕਾ

ਬਿਊਰੋ ਰਿਪੋਰਟ (ਅੰਮ੍ਰਿਤਸਰ, 5 ਫਰਵਰੀ 2026): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਬੇਨਾਮੀ ਜਾਇਦਾਦ ਅਤੇ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਸਵਾਲ ਚੁੱਕਣ ਵਾਲੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੇਸਬੁੱਕ ਲਾਈਵ ਹੋ ਕੇ ਬੇਹੱਦ ਹੈਰਾਨੀਜਨਕ ਦਾਅਵੇ ਕੀਤੇ ਹਨ।

ਕੁੰਵਰ ਵਿਜੈ ਪ੍ਰਤਾਪ ਦੇ ਵੱਡੇ ਖ਼ੁਲਾਸੇ: ਸਾਬਕਾ IPS ਅਧਿਕਾਰੀ ਕੁਨਵਰ ਵਿਜੇ ਪ੍ਰਤਾਪ ਨੇ ਲਾਈਵ ਦੌਰਾਨ ਕਿਹਾ ਕਿ ਨਸ਼ਿਆਂ ਅਤੇ ਬਰਗਾੜੀ ਬੇਅਦਬੀ ਦੇ ਕੇਸਾਂ ਵਿੱਚ ਪਹਿਲਾਂ ਗੁਪਤ ‘ਰਾਜੀਨਾਮਾ’ ਹੋਇਆ ਅਤੇ ਉਸ ਤੋਂ ਬਾਅਦ ਜਾਣਬੁੱਝ ਕੇ ਬੇਨਾਮੀ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ, “ਇਹ ਕੇਸ ਮਜੀਠੀਆ ‘ਤੇ ਲਾਗੂ ਹੀ ਨਹੀਂ ਹੁੰਦਾ ਅਤੇ ਨਾ ਹੀ ਬਣਦਾ ਸੀ, ਕਿਉਂਕਿ ਉਨ੍ਹਾਂ ਦੇ ਪਰਿਵਾਰ ਕੋਲ ਬਹੁਤ ਸਾਰੀ ਜਾਇਦਾਦ ਪਹਿਲਾਂ ਤੋਂ ਹੀ ਮੌਜੂਦ ਸੀ। ਮੈਂ ਇਸ ਕੇਸ ਨੂੰ ਲੈ ਕੇ ਪਹਿਲਾਂ ਵੀ ਚੈਲੇਂਜ ਕੀਤਾ ਸੀ ਕਿ ਇਸ ਵਿੱਚੋਂ ਕੁਝ ਨਹੀਂ ਨਿਕਲਣਾ।”

ਸੁਪਰੀਮ ਕੋਰਟ ਦੇ ਫੈਸਲੇ ‘ਤੇ ਟਿੱਪਣੀ: ਉਨ੍ਹਾਂ ਅੱਗੇ ਕਿਹਾ ਕਿ ਹੁਣ ਮਾਣਯੋਗ ਸੁਪਰੀਮ ਕੋਰਟ ਨੇ ਬੇਨਾਮੀ ਜਾਇਦਾਦ ਦੇ ਮਾਮਲੇ ਵਿੱਚ ਜ਼ਮਾਨਤ ਦੇ ਕੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ। ਕੁਨਵਰ ਮੁਤਾਬਕ ਅਦਾਲਤ ਨੇ ਵੀ ਇਹ ਮੰਨਿਆ ਹੈ ਕਿ ਮਜੀਠੀਆ ਨੂੰ ਨਸ਼ਿਆਂ ਵਾਲੇ ਕੇਸ ਵਿੱਚ ਪਹਿਲਾਂ ਹੀ ਜ਼ਮਾਨਤ ਮਿਲੀ ਹੋਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ 2025 ਵਿੱਚ ਬਰਕਰਾਰ ਰੱਖਿਆ ਸੀ। ਉਨ੍ਹਾਂ ਇਸ਼ਾਰਾ ਕੀਤਾ ਕਿ ਮੌਜੂਦਾ ਕੇਸ ਸਿਰਫ਼ ਸਿਆਸੀ ਬਦਲਾਖੋਰੀ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਬਣਾਇਆ ਗਿਆ ਸੀ।

ਕੁੰਵਰ ਵਿਜੇ ਪ੍ਰਤਾਪ ਦਾ ਇਹ ਬਿਆਨ ਆਪਣੀ ਹੀ ਪਾਰਟੀ (AAP) ਦੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਵੱਡਾ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਸਲ ਮੁੱਦਿਆਂ (ਨਸ਼ਾ ਅਤੇ ਬੇਅਦਬੀ) ‘ਤੇ ਕਾਰਵਾਈ ਕਰਨ ਦੀ ਬਜਾਏ ਅਜਿਹੇ ਕੇਸ ਪਾਏ ਗਏ ਜੋ ਕਾਨੂੰਨੀ ਤੌਰ ‘ਤੇ ਕਮਜ਼ੋਰ ਸਨ।

ਕੁੰਵਰ ਵਿਜੇ ਪ੍ਰਤਾਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਉਸ ਦਿਨ ਮਜੀਠੀਆ ਦੀ ਪਤਨੀ ਨਾਲ ਹੋਏ ਦੁਰਵਿਵਹਾਰ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਖੁਦ ਪੁਲਿਸ ਸੇਵਾ ਵਿੱਚ ਸੇਵਾ ਨਿਭਾਈ ਹੈ, ਵੱਡੇ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਫੜਿਆ ਹੈ, ਪਰ ਕਦੇ ਵੀ ਕਿਸੇ ਦੋਸ਼ੀ ਦੇ ਪਰਿਵਾਰ ਨੂੰ ਪਰੇਸ਼ਾਨ ਨਹੀਂ ਕੀਤਾ। ਅਪਰਾਧੀ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਪਰਿਵਾਰ ਨਾਲ ਦੁਰਵਿਵਹਾਰ ਨਹੀਂ ਹੋਣਾ ਚਾਹੀਦਾ।

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਬਿਕਰਮ ਮਜੀਠੀਆ ਪੰਜਾਬ ਵਿੱਚ ਕੋਈ ਹਮਦਰਦੀ ਨਹੀਂ ਦਿਖਾ ਸਕਦਾ, ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਬੇਇਨਸਾਫ਼ੀਆਂ ਹੋਈਆਂ ਸਨ। ਹਾਲਾਂਕਿ, ਇਹ ਵੀ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਇਹ ਸਭ ਕੀਤਾ ਸੀ, ਉਹ ਹੁਣ ਮੌਜੂਦਾ ਸਰਕਾਰ ਦੇ ਬਹੁਤ ਨੇੜੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਪੁਲਿਸ ਨੂੰ ਅਸਲ ਅਪਰਾਧ, ਨਸ਼ਿਆਂ ਅਤੇ ਗੈਂਗਸਟਰਵਾਦ ਤੋਂ ਭਟਕਾਇਆ ਜਾ ਰਿਹਾ ਹੈ ਅਤੇ ਰਾਜਨੀਤਿਕ ਮਾਮਲਿਆਂ ਵਿੱਚ ਉਲਝਾਇਆ ਜਾ ਰਿਹਾ ਹੈ।

ਅੰਤ ਵਿੱਚ, ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਦਾ ਸਮਰਥਨ ਨਹੀਂ ਕਰ ਰਹੇ ਸਨ, ਸਗੋਂ ਸਿਰਫ਼ ਸੱਚਾਈ ਪੇਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਅਦਾਲਤੀ ਕਾਰਵਾਈ ‘ਤੇ ਕੋਈ ਟਿੱਪਣੀ ਨਹੀਂ ਕਰਨਗੇ, ਪਰ ਸੁਪਰੀਮ ਕੋਰਟ ਦਾ ਹੁਕਮ ਇੱਕ ਜਨਤਕ ਦਸਤਾਵੇਜ਼ ਹੈ ਅਤੇ ਜਨਤਾ ਨੂੰ ਇਸ ‘ਤੇ ਸਵਾਲ ਉਠਾਉਣ ਦਾ ਅਧਿਕਾਰ ਹੈ।