India International

ਅਮਰੀਕਾ ਦੇ ਸਕਦਾ ਹੈ ਭਾਰਤੀ ਕਿਸਾਨਾਂ ਨੂੰ ਝਟਕਾ, ਟਰੰਪ ਨੇ ਭਾਰਤੀ ਚੌਲਾਂ ‘ਤੇ ਟੈਰਿਫ਼ ਲਗਾਉਣ ਦੀ ਕਹੀ ਗੱਲ

ਅਮਰੀਰਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਕਿਸਾਨਾਂ ਲਈ ਨਵੀਂ ਵਿੱਤੀ ਸਹਾਇਤਾ ਪੈਕੇਜ ਦਾ ਐਲਾਨ ਕਰਦਿਆਂ ਭਾਰਤ ਤੋਂ ਆਉਣ ਵਾਲੇ ਚੌਲਾਂ ਅਤੇ ਕੈਨੇਡਾ ਤੋਂ ਆਉਣ ਵਾਲੀ ਖਾਦ (ਖਾਸ ਕਰਕੇ ਪੋਟਾਸ਼) ‘ਤੇ ਵਾਧੂ ਟੈਰਿਫ ਲਗਾਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਰਤ, ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ ਅਮਰੀਕਾ ਨੂੰ ਬਹੁਤ ਸਸਤੇ ਦਰਾਂ ‘ਤੇ ਚੌਲ ਵੇਚ ਰਹੇ ਹਨ, ਜਿਸ ਨੂੰ ਉਨ੍ਹਾਂ ਨੇ “ਡੰਪਿੰਗ” ਕਰਾਰ ਦਿੱਤਾ। ਇਸ ਕਾਰਨ ਅਮਰੀਕੀ ਚੌਲ ਉਤਪਾਦਕ ਕਿਸਾਨਾਂ ਦੀ ਆਮਦਨ ਘਟ ਰਹੀ ਹੈ ਅਤੇ ਉਹ ਮੁਕਾਬਲਾ ਨਹੀਨ ਹੋ ਰਹੇ ਹਨ।

ਟਰੰਪ ਨੇ ਆਪਣੇ ਵਿੱਤ ਮੰਤਰੀ ਤੋਂ ਪੁੱਛਿਆ ਕਿ ਕੀ ਭਾਰਤ ਨੂੰ ਚੌਲਾਂ ‘ਤੇ ਕੋਈ ਖਾਸ ਛੋਟ ਮਿਲੀ ਹੋਈ ਹੈ। ਮੰਤਰੀ ਨੇ ਦੱਸਿਆ ਕਿ ਇਸ ਸਮੇਂ ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਗੱਲਬਾਤ ਚੱਲ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਬਾਰੇ ਟਰੰਪ ਨੇ ਕਿਹਾ ਕਿ ਜੇਕਰ ਕੈਨੇਡੀਅਨ ਪੋਟਾਸ਼ ਖਾਦ ਬਹੁਤ ਸਸਤੀ ਹੋ ਗਈ ਤਾਂ ਅਮਰੀਕਾ ਇਸ ‘ਤੇ ਸਖ਼ਤ ਟੈਰਿਫ ਲਗਾਏਗਾ।

ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਪੋਟਾਸ਼ ਸਪਲਾਇਰ ਹੈ ਅਤੇ ਹੁਣ ਤੱਕ USMCA ਵਪਾਰ ਸਮਝੌਤੇ ਅਧੀਨ ਇਸ ਨੂੰ ਸੁਰੱਖਿਆ ਮਿਲੀ ਹੋਈ ਹੈ। ਹਾਲਾਂਕਿ ਅਮਰੀਕਾ ਵਿੱਚ ਮਹਿੰਗਾਈ ਵਧਣ ਅਤੇ ਖਾਦ ਦੀਆਂ ਕੀਮਤਾਂ ਵਧਣ ਕਾਰਨ ਕਿਸਾਨ ਪਹਿਲਾਂ ਹੀ ਮੁਸ਼ਕਲ ਵਿੱਚ ਹਨ। ਨਵਾਂ ਟੈਰਿਫ ਲੱਗਣ ਨਾਲ ਖਾਦ ਦੀ ਲਾਗਤ ਹੋਰ ਵਧ ਸਕਦੀ ਹੈ, ਜੋ ਕਿਸਾਨਾਂ ਲਈ ਨਵੀਂ ਸਮੱਸਿਆ ਪੈਦਾ ਕਰੇਗਾ।