ਹੁਸ਼ਿਆਰਪੁਰ ਦੇ ਝੁਨੀਰ ਪਿੰਡ ਦੀ ਪੰਚਾਇਤ ਨੇ ਇੱਕ ਪ੍ਰਵਾਸੀ ਵੱਲੋਂ ਬੱਚੇ ਨਾਲ ਜ਼ੁਲਮ ਕਰਨ ਦੀ ਘਟਨਾ ਤੋਂ ਬਾਅਦ ਸਖ਼ਤ ਫੈਸਲੇ ਲਏ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਪੰਚਾਇਤ, ਕਲੱਬਾਂ ਅਤੇ ਕਮੇਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਵਿਚਾਰ-ਵਟਾਂਦਰੇ ਦੌਰਾਨ ਪ੍ਰਵਾਸੀਆਂ ਦੀ ਪਛਾਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਚਰਚਾ ਹੋਈ।
ਪੰਚਾਇਤ ਨੇ ਫੈਸਲਾ ਕੀਤਾ ਕਿ ਕੋਈ ਵੀ ਘਰ ਮਾਲਕ ਪ੍ਰਵਾਸੀਆਂ ਨੂੰ ਮਕਾਨ ਕਿਰਾਏ ‘ਤੇ ਨਹੀਂ ਦੇਵੇਗਾ। ਜੇ ਕੋਈ ਵਿਅਕਤੀ ਪਿੰਡ ਤੋਂ ਬਾਹਰ ਪ੍ਰਵਾਸੀਆਂ ਨੂੰ ਘਰ ਦਿੰਦਾ ਹੈ, ਤਾਂ ਉਸ ਦੇ ਘਰ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ। ਨਾਲ ਹੀ, ਪਿੰਡ ਦੇ ਬਾਜ਼ਾਰ ਵਿੱਚ ਸੜਕ ‘ਤੇ ਪ੍ਰਵਾਸੀਆਂ ਵੱਲੋਂ ਲਗਾਈਆਂ ਰੇਹੜੀਆਂ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਜੇਕਰ ਕੋਈ ਦੁਕਾਨਦਾਰ ਪੈਸੇ ਲੈ ਕੇ ਰੇਹੜੀਆਂ ਲਗਵਾਉਂਦਾ ਹੈ, ਤਾਂ ਉਸ ਦੀ ਦੁਕਾਨ ਦਾ ਵੀ ਬਾਈਕਾਟ ਹੋਵੇਗਾ। ਪੰਚਾਇਤ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਪ੍ਰਵਾਸੀ ਪਿੰਡ ਵਿੱਚ ਅਪਰਾਧ ਕਰਦਾ ਹੈ, ਤਾਂ ਉਸ ਨੂੰ ਪਨਾਹ ਦੇਣ ਵਾਲਾ ਵਿਅਕਤੀ ਜ਼ਿੰਮੇਵਾਰ ਹੋਵੇਗਾ। ਸਰਪੰਚ ਜਗਪਾਲ ਸਿੰਘ ਨੇ ਕਿਹਾ ਕਿ ਪ੍ਰਵਾਸੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਬਿਨਾਂ ਪਛਾਣ ਵਾਲਿਆਂ ਦੀ ਕੌਂਸਲਿੰਗ ਕੀਤੀ ਜਾਵੇਗੀ, ਤਾਂ ਜੋ ਪਿੰਡ ਦਾ ਮਾਹੌਲ ਸ਼ਾਂਤ ਰਹੇ। ਅਗਲੇ ਫੈਸਲੇ ਲਈ ਸ਼ਹਿਰ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।