ਬਿਊਰੋ ਰਿਪੋਰਟ (26 ਅਗਸਤ): ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇੱਕ ਮੁਲਜ਼ਮ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੇ ਪਿੰਡ ਖੁੱਡਾ ਜੱਸੂ, ਥਾਣਾ ਸਾਰੰਗਪੁਰ ਦਾ ਰਹਿਣ ਵਾਲਾ ਹੈ।
ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਈ ਸਾਲਾਂ ਤੋਂ ਇਟਲੀ ’ਚ ਰਹਿ ਰਿਹਾ ਸੀ। ਜਦੋਂ ਉਸਨੂੰ ਅਹਿਸਾਸ ਹੋਇਆ ਕਿ ਪੁਲਿਸ ਉਸ ਤੱਕ ਪਹੁੰਚ ਸਕਦੀ ਹੈ, ਤਾਂ ਉਸਨੇ ਫਿਰ ਤੋਂ ਵਿਦੇਸ਼ ਭੱਜਣ ਦੀ ਯੋਜਨਾ ਬਣਾਈ। ਹਾਲਾਂਕਿ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋ ਸਕਿਆ ਅਤੇ ਪੁਲਿਸ ਨੇ ਉਸਨੂੰ ਦਿੱਲੀ ਏਅਰਪੋਰਟ ਤੋਂ ਹੀ ਕਾਬੂ ਕਰ ਲਿਆ।
ਇਸ ਮਾਮਲੇ ’ਚ ਮਨਕੀਰਤ ਔਲਖ ਦੀ ਸ਼ਿਕਾਇਤ ’ਤੇ ਮਟੌਰ ਥਾਣੇ ’ਚ ਬੀਐਨਐਸ ਦੀ ਧਾਰਾ 318(5) ਅਤੇ 351(2) ਹੇਠ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਅਗਲੀ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਨਾਲ ਹੀ ਮੁਲਜ਼ਮ ਦਾ ਰਿਮਾਂਡ ਵੀ ਲਿਆ ਜਾਵੇਗਾ।