India

ਝਾਰਖ਼ੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ, PM ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸਰਪ੍ਰਸਤ ਸ਼ਿਬੂ ਸੋਰੇਨ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕੀਤੀ।

ਹੇਮੰਤ ਸੋਰੇਨ ਨੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ “ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ, ਅੱਜ ਮੈਂ ਜ਼ੀਰੋ ਹੋ ਗਿਆ ਹਾਂ।” ਸਰ ਗੰਗਾ ਰਾਮ ਹਸਪਤਾਲ ਨੇ ਦੱਸਿਆ ਕਿ ਸ਼ਿਬੂ ਸੋਰੇਨ ਨੂੰ ਸਵੇਰੇ 8:56 ਵਜੇ ਮ੍ਰਿਤਕ ਐਲਾਨਿਆ ਗਿਆ। ਉਹ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਡੇਢ ਮਹੀਨਾ ਪਹਿਲਾਂ ਉਨ੍ਹਾਂ ਨੂੰ ਦੌਰਾ ਪਿਆ ਸੀ।

ਪਿਛਲੇ ਇਕ ਮਹੀਨੇ ਤੋਂ ਉਹ ਲਾਈਫ ਸਪੋਰਟ ਸਿਸਟਮ ‘ਤੇ ਸਨ।ਸ਼ਿਬੂ ਸੋਰੇਨ ਝਾਰਖੰਡ ਦੇ ਇਕ ਪ੍ਰਮੁੱਖ ਨੇਤਾ ਸਨ, ਜਿਨ੍ਹਾਂ ਨੇ ਆਦਿਵਾਸੀ ਭਾਈਚਾਰਿਆਂ, ਗਰੀਬਾਂ ਅਤੇ ਦੱਬੇ-ਕੁਚਲੇ ਵਰਗਾਂ ਦੇ ਸਸ਼ਕਤੀਕਰਨ ਲਈ ਜੀਵਨ ਭਰ ਸੰਘਰਸ਼ ਕੀਤਾ। ਉਹ ਯੂ.ਪੀ.ਏ. ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਮੰਤਰੀ ਰਹੇ, ਪਰ ਚਿਰੂਦੀਹ ਕਤਲ ਕੇਸ ਵਿੱਚ ਨਾਮ ਜੁੜਨ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਬੂ ਸੋਰੇਨ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸ਼ਿਬੂ ਸੋਰੇਨ ਇਕ ਜ਼ਮੀਨੀ ਪੱਧਰ ਦੇ ਨੇਤਾ ਸਨ, ਜਿਨ੍ਹਾਂ ਨੇ ਆਦਿਵਾਸੀ ਅਤੇ ਕਮਜ਼ੋਰ ਵਰਗਾਂ ਦੇ ਉਤਥਾਨ ਲਈ ਅਣਥੱਕ ਯਤਨ ਕੀਤੇ। ਉਨ੍ਹਾਂ ਨੇ ਹੇਮੰਤ ਸੋਰੇਨ ਨਾਲ ਗੱਲ ਕਰਕੇ ਸੰਵੇਦਨਾ ਪ੍ਰਗਟ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਿਬੂ ਸੋਰੇਨ ਝਾਰਖੰਡ ਦੇ ਮਹਾਨ ਨੇਤਾਵਾਂ ਵਿੱਚੋਂ ਇਕ ਸਨ, ਜਿਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ, ਖਾਸ ਕਰਕੇ ਆਦਿਵਾਸੀਆਂ ਦੇ ਅਧਿਕਾਰਾਂ ਲਈ ਜੀਵਨ ਸਮਰਪਿਤ ਕੀਤਾ। ਉਹ ਹਮੇਸ਼ਾ ਧਰਤੀ ਅਤੇ ਲੋਕਾਂ ਨਾਲ ਜੁੜੇ ਰਹੇ। ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਨੇ ਇਕ ਮਹਾਨ ਨੇਤਾ ਗੁਆ ਦਿੱਤਾ।ਸ਼ਿਬੂ ਸੋਰੇਨ ਦੇ ਦਿਹਾਂਤ ਨੇ ਝਾਰਖੰਡ ਅਤੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦਾ ਯੋਗਦਾਨ ਸਦਾ ਯਾਦ ਰਹੇਗਾ।