India Punjab

ਚੰਡੀਗੜ੍ਹ ਨੂੰ ਮਿਲਿਆ ਦੇਸ਼ ਦਾ ਪਹਿਲਾ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ,ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਉਦਘਾਟਨ

ਚੰਡੀਗੜ੍ਹ : ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਦੇਸ਼ ਦਾ ਪਹਿਲਾ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ ਮਿਲਿਆ ਹੈ।ਅੱਜ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਇਸ ਦਾ ਉਦਘਾਟਨ ਕੀਤਾ ਹੈ।ਆਪਣੇ ਸੰਬੋਧਨ ਵਿੱਚ ਉਹਨਾਂ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕੀਤਾ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 18 ਵਿੱਚ ਬਣਾਇਆ ਗਿਆ ਦੇਸ਼ ਦਾ ਪਹਿਲਾ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ ਸਰਕਾਰੀ ਪ੍ਰੈਸ ਬਿਲਡਿੰਗ ਵਿੱਚ 17,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਤੇ ਵੱਖ-ਵੱਖ ਯੁੱਧਾਂ ਵਿੱਚ ਭਾਰਤੀ ਹਵਾਈ ਫੌਜ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਇਸ ਵਿੱਚ ਪੰਜ ਵਿੰਟੇਜ ਏਅਰਕ੍ਰਾਫਟ ਹਨ ਜੋ ਕਿ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨਗੇ। ਹੌਲੀ-ਹੌਲੀ, ਇਸ ਕੇਂਦਰ ਨੂੰ ਸਾਰੇ ਦੇਸ਼ ਅਤੇ ਵਿਸ਼ਵ ਪੱਧਰ ‘ਤੇ IAF ਦੁਆਰਾ ਕੀਤੇ ਜਾ ਰਹੇ ਵੱਖ-ਵੱਖ ਬਚਾਅ ਕਾਰਜਾਂ ਬਾਰੇ ਵੀ ਅਪਡੇਟ ਕੀਤਾ ਜਾਵੇਗਾ। ਏਅਰ ਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੁਆਰਾ ਸਟੇਸ਼ਨ, ਖੇਤਰੀ ਅਤੇ ਕੇਂਦਰੀ ਪੱਧਰ ‘ਤੇ ਹਵਾਈ ਯੋਧਿਆਂ ਦੇ ਪਰਿਵਾਰਾਂ ਦੇ ਲਾਭ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਵੀ ਪ੍ਰੋਜੈਕਟਰਾਂ ਰਾਹੀਂ ਦਿਖਾਇਆ ਜਾਵੇਗਾ।

ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਨਾਲ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਏਅਰ ਚੀਫ ਮਾਰਸ਼ਲ ਵੀਆਰ ਚੌਧਰੀ, ਸੰਸਦ ਮੈਂਬਰ ਕਿਰਨ ਖੇਰ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਹਨ।

ਕੇਂਦਰ ਵਿੱਚ ਆਈਏਐਫ ਦੇ ਮੈਮੋਰੀਅਲ ਅਤੇ ਸਕੇਲ ਮਾਡਲਾਂ ਨਾਲ ਲੈਸ ਇੱਕ ਯਾਦਗਾਰ ਸਥਾਪਤ ਕੀਤੀ ਗਈ ਹੈ। ਲੋਕਾਂ ਲਈ ਥੀਮ-ਅਧਾਰਿਤ ਕੈਫੇ ਵੀ ਚਾਲੂ ਹੋਵੇਗਾ।

ਰੱਖਿਆ ਮੰਤਰੀ, ਜੋ ਕਿ ਚੰਡੀਗੜ੍ਹ ਦੇ ਇੱਕ ਦਿਨ ਦੇ ਦੌਰੇ ‘ਤੇ ਸਨ, ਨੇ ਸ਼ਹਿਰ ਵਿੱਚ ਕੁਝ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ।