Punjab

ਧੂਰੀ ਦੇ ਲੋਕਾਂ ਲਈ ਵੱਡੀ ਸੌਗ਼ਾਤ, ਧੂਰੀ ‘ਚ ਰੇਲਵੇ ਓਵਰ-ਬਰਿੱਜ ਨੂੰ ਮਿਲੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਲਈ ਰੇਲਵੇ ਓਵਰਬ੍ਰਿਜ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਵੱਡਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਦੋ-ਲੇਨ ਵਾਲਾ ਓਵਰਬ੍ਰਿਜ ਲੈਵਲ ਕਰਾਸਿੰਗ ਨੰਬਰ 62A ‘ਤੇ ਬਣੇਗਾ।

ਰੇਲਵੇ ਦੀ ਅੰਤਿਮ ਮਨਜ਼ੂਰੀ ਮਿਲਣ ਤੋਂ ਬਾਅਦ ਨਿਰਮਾਣ ਮਾਰਚ 2025 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਦੀ ਮਿਆਦ 18 ਮਹੀਨੇ ਹੋਵੇਗੀ। ਪੰਜਾਬ ਸਰਕਾਰ ਪੂਰੀ ਲਾਗਤ ਸਹਿਣ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਧੂਰੀ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸੁਧਾਰੇਗਾ, ਜਿਸ ਨਾਲ ਲੋਕ ਬਿਨਾਂ ਰੁਕਾਵਟ ਯਾਤਰਾ ਕਰ ਸਕਣਗੇ ਅਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਆਵਾਜਾਈ ਦਾ ਦਬਾਅ ਘਟੇਗਾ। ਓਵਰਬ੍ਰਿਜ ਦੇ ਨਾਲ-ਨਾਲ ਜੁੜਦੀਆਂ ਸੜਕਾਂ ਦੀ ਉਸਾਰੀ ਵੀ ਸ਼ਾਮਲ ਹੈ। ਇਹ ਪ੍ਰੋਜੈਕਟ ਧੂਰੀ ਵਾਸੀਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ।