Punjab

ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਵੱਡੀ ਖ਼ਬਰ, ਵਿਜੀਲੈਂਸ ਨੂੰ ਮਿਲਿਆ 7 ਦਿਨ ਦਾ ਰਿਮਾਂਡ

ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮੁਹਾਲੀ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦਾ 7 ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਦੇ ਦਿੱਤਾ ਹੈ। ਇਸ ਮਾਮਲੇ ਦੀ ਮੁੜ ਸੁਣਵਾਈ ਤੇ ਮਜੀਠੀਆ ਦੀ ਮੁੜ ਪੇਸ਼ੀ ਹੁਣ 2 ਜੁਲਾਈ ਨੂੰ ਹੋਵੇਗੀ।

ਮਜੀਠੀਆ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਜੀਠੀਆ ਦੇ ਸਮਰਥਕ ਵੀ ਇੱਥੇ ਪਹੁੰਚੇ ਸਨ, ਪਰ ਪੁਲਿਸ ਨੇ ਸੁਰੱਖਿਆ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਅਕਾਲੀ ਆਗੂ ਦਲਜੀਤ ਚੀਮਾ ਨੂੰ ਵੀ ਅਦਾਲਤ ਤੋਂ ਬਾਹਰ ਨਹੀਂ ਰਹਿਣ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।

ਮਾਮਲੇ ਨੇ ਫੜਿਆ ਸਿਆਸੀ ਰੰਗ

ਇਸ ਮਾਮਲੇ ਨੇ ਹੁਣ ਸਿਆਸੀ ਰੰਗ ਵੀ ਲੈ ਲਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਇਸ ਕਾਰਵਾਈ ਨੂੰ ਗਲਤ ਦੱਸ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ‘ਤੇ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਗਜ਼ੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਦਾ ਸਮਰਥਨ ਕਰਨ ਵਾਲੇ ਵੀ ਦੋਸ਼ੀ ਹੋਣਗੇ।

ਦੱਸ ਦਈਏ ਕਿ ਲੰਘੇ ਕੱਲ੍ਹ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਦੇ ਗਰੀਨ ਐਵੇਨਿਊ ਇਲਾਕੇ ’ਚ ਸਥਿਤ ਘਰ ਤੋਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਜੀਠੀਆ ਵਿਰੁੱਧ ਦਰਜ ਮਾਮਲੇ ਸਬੰਧੀ ਵਿਜੀਲੈਂਸ ਨੇ ਕਿਹਾ ਹੈ ਕਿ ਇਹ ਕਾਰਵਾਈ ਸਾਲ 2021 ਵਿੱਚ ਦਰਜ ਕੀਤੇ ਗਏ ਐਨਡੀਪੀਐਸ ਮਾਮਲੇ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਮੁਤਾਬਕ ਮਜੀਠੀਆ ਨੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਜਮ੍ਹਾ ਹਨ, ਜਦੋਂ ਕਿ ਵਿਦੇਸ਼ੀ ਕੰਪਨੀਆਂ ਨਾਲ 141 ਕਰੋੜ ਰੁਪਏ ਦਾ ਲੈਣ-ਦੇਣ ਹੈ।

ਇਸ ਤੋਂ ਇਲਾਵਾ, ਬਿਨਾਂ ਕਿਸੇ ਜਾਣਕਾਰੀ ਅਤੇ ਸਪੱਸ਼ਟੀਕਰਨ ਦੇ ਕੰਪਨੀ ਦੇ ਵਿੱਤੀ ਸਟੇਟਮੈਂਟਾਂ ਵਿੱਚ 236 ਕਰੋੜ ਰੁਪਏ ਦੀ ਰਕਮ ਸਾਹਮਣੇ ਆਈ ਹੈ। ਮਜੀਠੀਆ ਦੇ ਘਰੋਂ 30 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਜਾਇਦਾਦ ਦੇ ਦਸਤਾਵੇਜ਼ ਅਤੇ ਹੋਰ ਚੀਜ਼ਾਂ ਮਿਲੀਆਂ ਸਨ।