ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਨੀ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਬੁੱਧਵਾਰ-ਵੀਰਵਾਰ ਦੀ ਵਿਚਕਾਰਲੀ ਰਾਤ ਵਿਜੀਲੈਂਸ ਦਫ਼ਤਰ ਵਿੱਚ ਬਿਤਾਈ। ਅੱਜ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਵੇਲੇ ਉਨ੍ਹਾਂ ਨੂੰ ਰਿਮਾਂਡ ‘ਤੇ ਲੈਣ ਲਈ ਬਹਿਸ ਚੱਲ ਰਹੀ ਹੈ।
ਉਨ੍ਹਾਂ ਦੀ ਪੇਸ਼ੀ ਲਈ ਅਦਾਲਤ ਦੇ ਬਾਹਰ ਸੁਰੱਖਿਆ ਸਖ਼ਤ ਹੈ। ਮਜੀਠੀਆ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਪੇਸ਼ੀ ਦਾ ਰਸਤਾ ਸਾਫ਼ ਕਰ ਦਿੱਤਾ ਹੈ ਅਤੇ ਰੱਸੀਆਂ ਲਗਾ ਕੇ ਇਸਨੂੰ ਬੰਦ ਕਰ ਦਿੱਤਾ ਹੈ। ਲੋਕਾਂ ਨੂੰ ਇਸ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਸੀ।
ਇਸੇ ਦੌਰਾਨ ਉੱਥੇ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਲੋਕਾਂ ਨੂੰ ਪੁਲਿਸ ਪ੍ਰਸਾਸ਼ਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਅੱਜ ਤਰੀਕਾਂ ਸਨ ਉਨ੍ਹਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵਿਸ਼ਵਾਸ਼ ’ਤੇ ਕਾਇਮ ਹਾਂ ਅਤੇ ਇੱਕ ਦਿਨ ਸੱਚ ਸਾਰਿਆਂ ਦੇ ਸਾਹਮਣੇ ਆਵੇਗਾ।
ਉਨ੍ਹਾਂ ਨੇ ਕਿਹਾ ਕਿ ਮਜੀਠੀਆ ਦੀ ਪੇਸ਼ੀ ਦੌਰਾਨ ਕੋਰਟ ਦੇ ਸਾਰੇ ਕੋਰੀਡੌਰ ਬੰਦ ਦਿੱਤੇ ਗਏ ਹਨ। ਦਲਜੀਤ ਚੀਮਾ ਨੇ ਮਜਾਕੀਆ ਅੰਦਾਜ ’ਚ ਕਿਹਾ ਕਿ ਪਹਿਲਾਂ ਇੱਕ ਗਾਣਾ ਸੀ ਕਿ ‘ਪੈਂਦੀ ਆ ਤਰੀਕ ਜੱਗੇ ਜੱਟ ਦੀ ਕਚਹਿਰੀਆਂ ਚ ਮੇਲੇ ਲੱਗਦੇ’ ਪਰ ਅੱਜ ਤੋਂ ਬਾਅਦ ਇਹ ਬਦਲ ਦਿੱਤਾ ਜਾਵੇਗਾ ਕਿ ਪੈਂਦੀ ਆ ਤਰੀਕ ਜੱਗੇ ਜੱਟ ਦੀ ਕਚਹਿਰੀਆਂ ‘ਚ ਕਰਫਿਊ ਲੱਗਦੇ’ ।
ਸਿਮਰਜੀਤ ਸਿੰਘ ਚੰਦੂਮਾਜਰਾ
ਸਿਮਰਜੀਤ ਸਿੰਘ ਚੰਦੂਮਾਜਰਾ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਾਮ ਨੂੰ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਬਹੁਤ ਨਿੰਦਣਯੋਗ ਹੈ, ਕਿਉਂਕਿ ਉਨ੍ਹਾਂ ਦੇ ਪਤਨੀ ਇੱਕ ਚੁਣੇ ਹੋਏ ਨੁਮਾਇੰਦੇ ਹਨ। ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੋਹਾਲੀ ਕੋਰਟ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਆਮ ਲੋਕਾਂ ਨੂੰ ਇਨਸਾਫ ਲਈ ਜਾਣਾ ਹੁੰਦਾ ਹੈ, ਉਸ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਪੁਲਿਸ ਦੀ ਚੋਣਵੀਂ ਕਾਰਵਾਈ ‘ਤੇ ਤੰਜ ਕਸਦਿਆਂ ਕਿਹਾ ਕਿ ਜਿੱਥੇ ਪੰਜਾਬ ਵਿੱਚ ਡਾਕੇ, ਚੋਰੀਆਂ ਅਤੇ ਕਤਲ ਹੋ ਰਹੇ ਹਨ, ਉੱਥੇ ਪੁਲਿਸ ਨਹੀਂ ਪਹੁੰਚਦੀ, ਪਰ ਮਜੀਠੀਆ ਦੀ ਗ੍ਰਿਫਤਾਰੀ ਲਈ ਪੁਲਿਸ ਤੁਰੰਤ ਸਰਗਰਮ ਹੋ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਜੀਠੀਆ ਦੇ ਨਾਲ ਹਨ। ਉਨ੍ਹਾਂ ਕਿਹਾ ਅਸੀਂ ਸਾਰੇ ਅਕਾਲੀ ਦਲ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ। ਅੱਜ ਜਿਸ ਤਰ੍ਹਾਂ ਮਜੀਠੀਆ ਲਈ ਸੁਰੱਖਿਆ ਦਿੱਤੀ ਗਈ ਹੈ, ਉਸ ਤੋਂ ਲੱਗਦਾ ਹੈ ਕਿ ਉਹ ਇੱਕ ਵੱਡਾ ਅੱਤਵਾਦੀ ਹੈ। ਇਹ ਬਿਲਕੁਲ ਵੀ ਜਾਇਜ਼ ਨਹੀਂ ਹੈ।