Punjab

ਅੰਮ੍ਰਿਤਪਾਲ ਦੇ ਹੱਕ ‘ਚ ਆਏ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ, ਕੰਚਨ ਕੁਮਾਰੀ ਦੇ ਕਤਲ ਨੂੰ ਦੱਸਿਆ ਸਹੀ

ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਵਿਵਾਦ ਛਿੜ ਗਿਆ ਹੈ। ਕੁਝ ਜਥੇਬੰਦੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਅੰਮ੍ਰਿਤਪਾਲ ਮਹਿਰੋਂ ਦੇ ਹੱਕ ਵਿੱਚ ਨਜ਼ਰ ਆਏ, ਜਦਕਿ ਕਈ ਲੋਕ ਉਸ ਦੇ ਖਿਲਾਫ਼ ਹਨ। ਗਿਆਨੀ ਮਲਕੀਤ ਸਿੰਘ ਨੇ ਕੰਚਨ ਦੇ ਕਤਲ ਨੂੰ ਜਾਇਜ਼ ਠਹਿਰਾਇਆ, ਕਹਿੰਦਿਆਂ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਵਾਲਿਆਂ ਨਾਲ ਅਜਿਹਾ ਹੀ ਹੋਣਾ ਚਾਹੀਦਾ।

ਉਨ੍ਹਾਂ ਨੇ ਲੱਚਰ ਗੀਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਿੱਖ, ਹਿੰਦੂ, ਮੁਸਲਮਾਨ ਸਮੇਤ ਸਾਰੇ ਨੌਜਵਾਨਾਂ ਨੂੰ ਅਜਿਹੇ ਗੀਤਾਂ ਤੋਂ ਬਚਣਾ ਚਾਹੀਦਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਨਾਮ ਬਦਲਦੇ ਹਨ ਜਾਂ ਅਜਿਹੇ ਕੰਮ ਕਰਦੇ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ। ਇਹ ਬਿਆਨ ਵਿਵਾਦ ਦਾ ਕਾਰਨ ਬਣਿਆ ਹੈ।

ਮਹਿਰੋਂ ਨੇ ਅਸਿੱਧੇ ਰੂਪ ‘ਚ ਲਈ ਸੀ ਕਤਲ ਦੀ ਜ਼ਿਮੇਵਾਰੀ

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਅਸਿੱਧੇ ਰੂਪ ਵਿੱਚ  ਕੰਚਨ ਕੁਮਾਰੀ ਕਤਲ ਦੇ ਜ਼ਿਮੇਵਾਰੀ ਲਈ ਸੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮੇਹਰੋਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦੀਪਿਕਾ ਲੂਥਰਾ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ। ਮੇਹਰੋਂ ਨੇ ਕਿਹਾ ਸੀ ਕਿ ਦੀਪਿਕਾ ਨੂੰ ਅਸ਼ਲੀਲ ਸਮੱਗਰੀ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸਦਾ ਪੰਜਾਬ ਦੇ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਾਰਕਿੰਗ ਸਿਰਫ਼ ਬਠਿੰਡਾ ਵਿੱਚ ਹੀ ਨਹੀਂ, ਸਗੋਂ ਹਰ ਸ਼ਹਿਰ ਵਿੱਚ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਲਾਸ਼ਾਂ ਮਿਲਣ।

ਬਠਿੰਡਾ ਪੁਲਿਸ ਦੇ ਅਹਿਮ ਖੁਲਾਸੇ

ਲੰਘੇ ਕੱਲ੍ਹ ਇਸ ਸਬੰਧੀ ਅਹਿਮ ਖੁਲਾਸੇ ਕੀਤੇ ਸਨ। ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ, ਜੋ ਨਿਹੰਗ ਸਿੱਖ ਆਗੂ ਹੈ, ਕਤਲ ਵੇਲੇ ਮੌਕੇ ’ਤੇ ਮੌਜੂਦ ਸੀ ਅਤੇ ਉਸ ਨੇ ਹੀ ਕੰਚਨ ਦਾ ਗਲਾ ਘੁੱਟਿਆ।

ਕਤਲ ਤੋਂ ਕੁਝ ਘੰਟਿਆਂ ਬਾਅਦ ਅੰਮ੍ਰਿਤਪਾਲ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਭੱਜ ਗਿਆ। ਪੁਲਿਸ ਨੇ ਉਸ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਅਤੇ ਉਸ ਨੂੰ ਡਿਪੋਰਟ ਕਰਵਾਉਣ ਲਈ ਯੂਏਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਐਸਐਸਪੀ ਨੇ ਦੱਸਿਆ ਕਿ ਕਤਲ ਦੀ ਸਾਜ਼ਿਸ਼ ਤਿੰਨ ਮਹੀਨੇ ਪਹਿਲਾਂ ਅੰਮ੍ਰਿਤਪਾਲ ਅਤੇ ਉਸ ਦੇ 200 ਸਾਥੀਆਂ ਨੇ ਰਚੀ ਸੀ। ਆਖਰਕਾਰ, 7 ਅਤੇ 8 ਜੂਨ ਨੂੰ ਅੰਮ੍ਰਿਤਪਾਲ ਨੇ ਕੰਚਨ ਨੂੰ ਲੁਧਿਆਣੇ ਸਥਿਤ ਉਸ ਦੇ ਘਰ ਜਾ ਕੇ ਬਠਿੰਡਾ ਵਿੱਚ ਇੱਕ ਕਾਰ ਪ੍ਰਮੋਸ਼ਨ ਈਵੈਂਟ ਲਈ ਬੁਲਾਇਆ। 9 ਜੂਨ ਨੂੰ ਉਸ ਦੇ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਸਕਾਰਪੀਓ ਗੱਡੀ ਵਿੱਚ ਕੰਚਨ ਦੀ ਹੁੰਡਈ ਈਓਨ ਗੱਡੀ ਦਾ ਪਿੱਛਾ ਕਰਦੇ ਹੋਏ ਬਠਿੰਡਾ ਪਹੁੰਚੇ। ਰਸਤੇ ਵਿੱਚ, ਗੱਡੀ ਦੀ ਮੁਰੰਮਤ ਦੇ ਬਹਾਨੇ ਇੱਕ ਵਰਕਸ਼ਾਪ ’ਤੇ ਰੁਕਣ ਤੋਂ ਬਾਅਦ, ਕੰਚਨ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਜਸਪ੍ਰੀਤ ਨੇ ਕਮਰਕੱਸੇ (ਕਮਰਬੰਦ) ਨਾਲ ਕਤਲ ਕੀਤਾ ਅਤੇ ਸਰੀਰ ਨੂੰ ਕੰਚਨ ਦੀ ਗੱਡੀ ਦੀ ਪਿਛਲੀ ਸੀਟ ’ਤੇ ਰੱਖ ਕੇ ਅਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਛੱਡ ਦਿੱਤਾ।