‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੇ SDM ਨੇ ਟੈਂਟ ਵਾਲਿਆਂ ਨੂੰ ਕਿਸੇ ਵੀ ਧਰਨੇ ਲਈ ਟੈਂਟ ਅਤੇ ਹੋਰ ਸਾਜ਼ੋ ਸਾਮਾਨ ਨਾ ਦੇਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਹਨ। ਬਬਨਦੀਪ ਸਿੰਘ ਵਾਲੀਆ (ਪੀ.ਸੀ.ਐੱਸ.) ਉਪ-ਮੰਡਲ ਮੈਜਿਸਟਰੇਟ, ਸੰਗਰੂਰ ਵੱਲੋਂ ਸਬ ਡਵੀਜ਼ਨ ਸੰਗਰੂਰ ਦੇ ਅਧਿਕਾਰੀਆਂ ਅਤੇ ਪੈਲਸਾਂ, ਟੈਂਟ ਹਾਊਸ, ਡੀ.ਜੇ. ਮਾਲਕਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ।
ਮੀਟਿੰਗ ਵਿੱਚ ਟੈਂਟ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦੇ ਨਿਕਲਣ ਵਾਲੇ ਜਲੂਸ, ਰੈਲੀਆਂ, ਧਰਨੇ ਵਾਲਿਆਂ ਨੂੰ ਉਪ ਮੰਡਲ ਮੈਜਿਸਟਰੇਟ, ਦਫਤਰ ਸੰਗਰੂਰ ਵੱਲੋਂ ਮਨਜ਼ੂਰੀ ਲਏ ਬਿਨਾਂ, ਟੈਂਟ ਜਾਂ ਸਾਊਂਡ/ਡੀ.ਜੇ. ਦਾ ਸਾਮਾਨ ਨਾ ਦਿੱਤਾ ਜਾਵੇ। ਜੇਕਰ ਕਿਸੇ ਵੀ ਟੈਂਟ ਜਾਂ ਸਾਊਂਡ/ਡੀ.ਜੇ. ਮਾਲਕ ਬਿਨਾਂ ਮਨਜ਼ੂਰੀ ਲਏ ਸਮਾਨ/ਮਸ਼ੀਨਰੀ ਦਿੰਦੇ ਹਨ ਤਾਂ ਉਹ ਹੋਣ ਵਾਲੀ ਕਾਨੂੰਨੀ ਕਾਰਵਾਈ ਦੇ ਖੁਦ ਜ਼ਿੰਮੇਵਾਰ ਹੋਣਗੇ।
ਜੇਕਰ ਮਨਜ਼ੂਰੀ ਲੈ ਕੇ ਸਾਊਂਡ/ਡੀ.ਜੇ. ਲਗਾਇਆ ਜਾਂਦਾ ਹੈ ਤਾਂ ਉਹ ਉਸਦੀ ਆਵਾਜ਼ ਨਿਯਮਾਂ ਮੁਤਾਬਕ ਸੀਮਤ ਰੱਖਣਗੇ ਅਤੇ ਮਨਜ਼ੂਰੀ ਵਿੱਚ ਦਿੱਤੇ ਗਏ ਟਾਇਮ ‘ਤੇ ਆਪਣਾ ਸਾਊਂਡ ਨਿਯਮਾਂ ਮੁਤਾਬਕ ਬੰਦ ਕਰਨ ਦੇ ਪਾਬੰਦ ਹੋਣਗੇ।
ਪੈਲੇਸ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਪੈਲੇਸ ਅੰਦਰ ਬਣੇ ਖੁੱਲ੍ਹੇ ਗਰਾਊਂਡ ਵਿੱਚ ਸਾਊਂਡ ਸਿਸਟਮ ਨਹੀਂ ਲਗਾਉਣਗੇ ਅਤੇ ਪੈਲੇਸ ਅੰਦਰ ਸਾਊਂਡ ਸਿਸਟਮ ਦੀ ਆਵਾਜ਼ ਨੂੰ ਨਿਯਮਾਂ ਮੁਤਾਬਕ ਸੀਮਤ ਰੱਖਣਗੇ। ਇਸ ਤੋਂ ਇਲਾਵਾ ਸਾਰਿਆਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਗੇ।